ਮੋਹਾਲੀ: ਮੋਹਾਲੀ ਨਗਰ ਨਿਗਮ ਦੀ ਸ਼ੁਕਰਵਾਰ ਨੂੰ ਦੋ ਮੁੱਦਿਆਂ ਨੂੰ ਲੈ ਕੇ ਅਹਿਮ ਮੀਟਿੰਗ ਹੋਈ ਜਿਸ ਵਿੱਚ ਪਸ਼ੂਆਂ ਕਰਕੇ ਹੋਏ ਇਨਸਾਨੀ ਨੁਕਸਾਨ ਦਾ ਮੁਆਵਜ਼ਾ ਦੇਣ ਵਾਲਾ ਮਤਾ ਤਾਂ ਪਾਸ ਵੀ ਨਾ ਹੋ ਸਕਿਆ, ਪਰ ਨਗਰ ਨਿਗਮ ਦੇ ਕੰਮਕਾਜ ਪੂਰੇ ਹੋਣ ਤੋਂ ਬਾਅਦ ਵਾਧੂ ਪੈਸਿਆ ਨੂੰ ਹੋਰ ਕੰਮਾਂ ਉੱਪਰ ਲਗਾਉਣ ਲਈ ਮਨਜ਼ੂਰੀ ਦੇ ਦਿੱਤੀ ਗਈ।
ਦੱਸ ਦਈਏ ਕਿ ਮੀਟਿੰਗ ਵਿੱਚ ਸਭ ਤੋਂ ਅਹਿਮ ਮੁੱਦਾ ਇਹ ਰਹਿਣ ਵਾਲਾ ਸੀ ਕਿ ਜੋ ਸਾਰੇ ਕੰਮ ਮੁਕੰਮਲ ਹੋਣ ਤੋਂ ਬਾਅਦ ਵਾਧੂ ਪੈਸਾ ਬਚਿਆ ਹੋਇਆ ਹੈ, ਉਸ ਨੂੰ ਹੋਰ ਕੰਮਾਂ ਉੱਪਰ ਲਗਾ ਦਿੱਤਾ ਜਾਵੇ, ਜਿਨ੍ਹਾਂ ਵਿੱਚ ਵਿਕਾਸ ਦੇ ਕੰਮ ਅਤੇ ਕੁਝ ਲੋਕਾਂ ਦੀਆਂ ਤਨਖਾਹਾਂ ਦਿੱਤੀਆਂ ਜਾਣ। ਇਸ ਉੱਪਰ ਕੌਂਸਲਰਾਂ ਦੀ ਸਹਿਮਤੀ ਦੇ ਨਾਲ ਮੋਹਰ ਲੱਗੀ।
ਹਾਲਾਂਕਿ ਦੂਜਾ ਸਭ ਤੋਂ ਵੱਡਾ ਮਸਲਾ ਆਵਾਰਾ ਪਸ਼ੂਆਂ ਅਤੇ ਪਾਲਤੂ ਜਾਨਵਰਾਂ ਕਰਕੇ ਹੋਣ ਵਾਲੇ ਹਾਦਸਿਆਂ ਜਿਸ ਵਿੱਚ ਅਕਸਰ ਵੱਡੀ ਗਿਣਤੀ ਵਿੱਚ ਇਨਸਾਨਾਂ ਦੀ ਜਾਨਾਂ ਵੀ ਚਲੀਆਂ ਜਾਂਦੀਆਂ ਹਨ ਅਤੇ ਕਈ ਗੰਭੀਰ ਜ਼ਖ਼ਮੀ ਹੁੰਦੇ ਹਨ। ਉਨ੍ਹਾਂ ਲੋਕਾਂ ਨੂੰ ਮੁਆਵਜ਼ਾ ਦੇਣ ਅਤੇ ਮੁਫ਼ਤ ਇਲਾਜ ਕਰਵਾਉਣ ਵਾਲਾ ਮਤਾ ਪਾਸ ਨਹੀਂ ਹੋ ਸਕਿਆ। ਇਹ ਮਤਾ ਪਾਸ ਨਾ ਹੋਣ ਦਾ ਮੁੱਖ ਕਾਰਨ ਇਹ ਰਿਹਾ ਕਿ ਪਾਲਤੂ ਜਾਨਵਰਾਂ ਨੂੰ ਲੜੀ ਬੰਦ ਨਹੀਂ ਕੀਤਾ ਜਾ ਸਕਿਆ। ਉਨ੍ਹਾਂ ਨੂੰ ਸਿਰਫ਼ ਇੱਕੋ ਪਸ਼ੂਆਂ ਦੀ ਸੂਚੀ ਵਿੱਚ ਰੱਖਿਆ ਗਿਆ ਜਿਸ ਕਰਕੇ ਕੁੱਝ ਕੌਂਸਲਰਾਂ ਨੇ ਅਸਹਿਮਤੀ ਜਤਾਈ ਅਤੇ ਇਸ ਨੂੰ ਮੁੜ ਤੋਂ ਸਹੀ ਲੜੀ ਬੰਦ ਤਰੀਕੇ ਨਾਲ ਪੇਸ਼ ਕਰਕੇ ਪਾਸ ਕਰਵਾਉਣ ਦੀ ਗੱਲ ਆਖੀ ਗਈ।
ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਕੁਝ ਕੌਂਸਲਰ ਅੱਜ ਉਸ ਮਤੇ ਲਈ ਤਿਆਰ ਹੋ ਕੇ ਨਹੀਂ ਆਏ ਸਨ, ਇਸ ਲਈ ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਉਹ ਇਸ ਲਈ ਤਿਆਰ ਹੋ ਕੇ ਆਉਣ ਤਾਂ ਜੋ ਇਹ ਗੰਭੀਰ ਮਸਲਾ ਜਲਦੀ ਤੋਂ ਜਲਦੀ ਹੱਲ ਹੋ ਸਕੇ।
ਇਹ ਵੀ ਪੜ੍ਹੋ: ਪਾਕਿਸਤਾਨ 'ਚੋਂ ਸਿੱਖਾਂ ਨੂੰ ਬਾਹਰ ਕੱਢਣ ਦੇ ਨਾਅਰੇ ਲਾਉਣ ਦੀ ਸਿਰਸਾ ਨੇ ਕੀਤੀ ਨਿਖੇਧੀ