ਚੰਡੀਗੜ੍ਹ: ਸੂਬੇ ਵਿੱਚ ਭਾਵੇਂ ਕਰਫਿਊ ਹਟਾ ਦਿੱਤਾ ਗਿਆ ਹੈ ਤੇ ਤਾਲਾਬੰਦੀ ਵਿੱਚ ਵੀ ਲੋਕਾਂ ਨੂੰ ਖੁੱਲ੍ਹ ਦਿੱਤੀ ਗਈ ਹੈ ਪਰ ਫਿਰ ਵੀ ਡਰਾਈਵਰ ਇਸ ਦੀ ਮਾਰ ਝੱਲ ਰਹੇ ਹਨ। ਈਟੀਵੀ ਭਾਰਤ ਦੀ ਟੀਮ ਨੇ ਇਸ ਦਾ ਸਰਵੇਖਣ ਕਰਨ ਲਈ ਮੋਹਾਲੀ ਸਥਿਤ ਛੋਟੀਆਂ ਗੱਡੀਆਂ ਚਲਾਉਣ ਵਾਲੇ ਡਰਾਈਵਰਾਂ ਨਾਲ ਗੱਲਬਾਤ ਕੀਤੀ।
ਜਾਂ ਤਾਂ ਕਿਸ਼ਤਾਂ ਭਰ ਦਿਓ ਨਹੀਂ ਤਾਂ ਗੱਡੀ ਚੱਕ ਕੇ ਲੈ ਜਾਵਾਂਗੇ... ਸਮੇਂ ਦੀ ਮਾਰ ਝੱਲ ਰਹੇ ਪ੍ਰੇਸ਼ਾਨ ਡਰਾਈਵਰਾਂ ਨੇ ਆਪਨਾ ਦੁੱਖ ਸਾਂਝਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਛੋਟੀਆਂ ਪਿਕਅੱਪ ਗੱਡੀਆਂ ਦੀ ਢੋਆ-ਢੁਆਈ ਦੇ ਕੰਮ ਵਿੱਚ ਬਹੁਤ ਗਿਰਾਵਟ ਆਈ ਹੈ। ਸੂਬੇ ਵਿੱਚ ਲਾਗੂ ਤਾਲਾਬੰਦੀ ਕਾਰਨ ਉਨ੍ਹਾਂ ਦਾ ਸਾਰਾ ਕੰਮਕਾਜ ਠੱਪ ਹੋ ਚੁੱਕਿਆ ਹੈ। ਜਾਣਕਾਰੀ ਦਿੰਦਿਆਂ ਡਰਾਈਵਰ ਗੁਰਦੇਵ ਸਿੰਘ ਨੇ ਦੱਸਿਆ ਕਿ ਉਹ ਦੋ ਮਹੀਨੇ ਤੋਂ ਆਪਣੇ ਘਰ ਵਿੱਚ ਬੈਠੇ ਹਨ। ਉਨ੍ਹਾਂ ਦੀ ਗੱਡੀ ਕਿਸ਼ਤਾਂ 'ਤੇ ਹੈ, ਜਿਸ ਦੀ ਕਿਸ਼ਤ ਅਦਾ ਨਾ ਕਰਨ ਕਾਰਨ ਹੁਣ ਕੰਪਨੀ ਵਾਲੇ ਕਿਸ਼ਤ ਭਰਨ ਲਈ ਲਗਾਤਾਰ ਫ਼ੋਨ ਕਰ ਰਹੇ ਹਨ।
ਕੰਪਨੀ ਵਾਲੇ ਵੀ ਪਾ ਰਹੇ ਕਿਸ਼ਤਾਂ ਭਰਨ ਲਈ ਦਬਾਅ
ਇਸ ਮੁੱਦੇ 'ਤੇ ਜਦ ਦੂਜੇ ਡਰਾਈਵਰ ਗੁਰਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆਂ ਕਿ ਉਹ ਪਿਛਲੇ ਕਈ ਸਾਲਾਂ ਤੋਂ ਇਹ ਕੰਮ ਕਰ ਰਹੇ ਹਨ ਤੇ ਅਜਿਹਾ ਕਦੇ ਨਹੀਂ ਹੋਇਆ ਕਿ ਉਨ੍ਹਾਂ ਕੋਲ ਕੰਮ ਨਾ ਹੋਵੇ। ਉਨ੍ਹਾਂ ਕਿਹਾ ਕਿ ਗੱਡੀ ਚੱਲਾ ਕੇ ਹੀ ਸਾਡੇ ਘਰ ਦਾ ਖਰਚਾ ਚੱਲਦਾ ਹੈ ਪਰ ਇਸ ਵੇਲੇ ਅਸੀਂ ਬੜੀ ਮੁਸ਼ਕਲ ਘੜੀ ਵਿਚੋਂ ਲੰਘ ਰਹੇ ਕਿਉਂਕਿ ਇੱਕ ਪਾਸੇ ਘਰ ਦਾ ਖਰਚ ਚਲਾਉਣਾ ਔਖਾ ਹੋਇਆ ਹੈ ਤੇ ਦੂਜੇ ਪਾਸੇ ਕੰਪਨੀਆਂ ਵਾਲੇ ਉਨ੍ਹਾਂ ਨੂੰ ਫ਼ੋਨ ਕਰ ਕਿਸ਼ਤ ਭਰਨ ਲਈ ਪ੍ਰੇਸ਼ਾਨ ਕਰ ਰਹੇ ਹਨ।
ਡਰਾਈਵਰਾਂ ਨਾਲ ਮਜਦੂਰਾਂ ਵੀ ਝੱਲ ਰਹੇ ਤਾਲਾਬੰਦੀ ਦੀ ਮਾਰ!
ਇਨ੍ਹਾਂ ਡਰਾਈਵਰਾਂ ਦੇ ਸਹਾਰੇ ਕੰਮ ਦੀ ਤਲਾਸ਼ ਵਿੱਚ ਬਿਹਾਰ ਤੋਂ ਪੰਜਾਬ ਆਏ ਲੋਡਿੰਗ ਅਨਲੋਡਿੰਗ ਦਾ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਹਾਲਤ ਵੀ ਕੁੱਝ ਖ਼ਾਸ ਚੰਗੀ ਨਹੀਂ ਹੈ। ਦਿਹਾੜੀ 'ਤੇ ਕੰਮ ਕਰਨ ਵਾਲੇ ਇਨ੍ਹਾਂ ਮਜਦੂਰਾਂ ਨੂੰ ਵੀ ਕੰਮ ਨਾ ਮਿਲਣ ਕਾਰਨ ਘਰ ਚਲਾਉਣਾ ਔਖਾ ਹੋ ਗਿਆ ਹੈ। ਲਲਿਤ ਕੁਮਾਰ ਨਾਮਕ ਮਜ਼ਦੂਰ ਨੇ ਦੱਸਿਆ ਕਿ ਸਰਕਾਰ ਗਰੀਬਾਂ ਨੂੰ ਰਾਸ਼ਨ ਤੇ ਜ਼ਰੂਰੀ ਵਸਤਾਂ ਮੁਹੱਈਆ ਕਰਵਾਉਣ ਦੀ ਗੱਲ ਤਾਂ ਕਰਦੀ ਹੈ ਪਰ ਅਸਲ ਵਿੱਚ ਅਜਿਹਾ ਕੁੱਝ ਕਰ ਨਹੀਂ ਕਰ ਰਹੀ। ਤਾਲਾਬੰਦੀ ਵਿੱਚ ਮਿਲੀ ਢਿੱਲ ਕਾਰਨ ਹੁਣ ਉਹ ਜਲਦ ਸਭ ਠੀਕ ਹੋਣ ਦੀ ਉਮੀਦ ਕਰ ਰਹੇ ਹਨ ਤੇ ਕੰਮ ਦੀ ਭਾਲ ਕਰ ਰਹੇ ਹਨ ਤਾਂ ਜੋ ਉਹ ਆਪਣੇ ਪਰਿਵਾਰ ਨੂੰ ਰੋਟੀ ਖਵਾ ਸਕਣ।