ਮੋਹਾਲੀ:ਪੰਜਾਬ ਦੇ ਮੋਹਾਲੀ ਤੋਂ ਕਿਡਨੀ ਟਰਾਂਸਪਲਾਂਟ ਨੂੰ ਲੈ ਕੇ ਵੱਡਾ ਮਾਮਲਾ ਸਾਹਮਣੇ ਆਇਆ ਹੈ ਇਸ ਮਾਮਲੇ ਵਿੱਚ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਇਹ ਕਿਡਨੀ ਕਾਂਡ ਰੈਕੇਟ ਪੰਜਾਬ ਤੋਂ ਸਾਊਥ ਤੱਕ ਫੈਲਿਆ ਹੋਇਆ ਹੈ। ਜਾਣਕਾਰੀ ਮੁਤਾਬਕ, ਇਸ ਫਰਜੀਵਾੜੇ ਵਿੱਚ ਜਾਅਲੀ ਦਸਤਾਵੇਜ ਬਣਾ ਕੇ ਕਿਡਨੀ ਟਰਾਂਸਪਲਾਂਟ ਕੀਤੀ ਜਾਂਦੀ ਸੀ।
ਕਿਡਨੀ ਕਾਂਡ ਵਿੱਚ ਬਣੀ SIT:ਡੇਰਾਬੱਸੀ ਸਥਿਤ ਇੰਡਸ ਇੰਟਰਨੈਸ਼ਨਲ ਵਿਖੇ ਗੁਰਦਾ (ਕਿਡਨੀ) ਟਰਾਂਸਪਲਾਂਟ ਮਾਮਲੇ ਦੀ ਜਾਂਚ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (SIT) ਕਰੇਗੀ। ਐਸਪੀ ਦਿਹਾਤੀ ਨਵਰੀਤ ਸਿੰਘ ਦੀ ਅਗਵਾਈ ਵਾਲੀ ਇਸ ਜਾਂਚ ਕਮੇਟੀ ਵਿੱਚ ਏਐਸਪੀ ਡਾ.ਦਰਪਨ ਆਹਲੂਵਾਲੀਆ ਅਤੇ ਡੇਰਾਬੱਸੀ ਦੇ ਐਸਐਚਓ ਜਸਕੰਵਲ ਸਿੰਘ ਸੇਖੋਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਮੈਡੀਕਲ ਖੋਜ ਅਤੇ ਸਿੱਖਿਆ ਦੇ ਡਾਇਰੈਕਟਰ ਨੇ ਇੰਡਸ ਹਸਪਤਾਲ ਦਾ ਕਿਡਨੀ ਟਰਾਂਸਪਲਾਂਟ ਲਾਇਸੈਂਸ ਰੱਦ ਕਰ ਦਿੱਤਾ ਹੈ। ਇਸ ਪੂਰੇ ਰੈਕੇਟ ਪਿੱਛੇ ਕਿਸੇ ਅੰਤਰਰਾਸ਼ਟਰੀ ਗਿਰੋਹ ਦਾ ਹੱਥ ਹੋਣ ਦਾ ਵੀ ਸ਼ੱਕ ਜਤਾਇਆ ਜਾ ਰਿਹਾ ਹੈ। ਜੋ ਕਿਡਨੀ ਲਈ ਲੋਕਾਂ ਤੋਂ ਲੱਖਾਂ ਰੁਪਏ ਵਸੂਲਦੇ ਸਨ। ਇਨਪੁਟਸ ਵੀ ਮਿਲ ਰਹੇ ਹਨ ਕਿ ਇਸ ਦੀਆਂ ਤਾਰਾਂ ਮੁੰਬਈ ਨਾਲ ਜੁੜੀਆਂ ਹੋਈਆਂ ਹਨ।
ਇਸ ਮਾਮਲੇ 'ਚ ਕੀ ਹੈ ਸ਼ਿਕਾਇਤ- ਪੈਸਿਆਂ ਦੇ ਲਾਲਚ 'ਚ ਵੇਚੀ ਕਿਡਨੀ:ਸਿਰਸਾ ਦੇ ਰਹਿਣ ਵਾਲੇ 28 ਸਾਲ ਦੇ ਕਪਿਲ ਨੇ ਪੈਸਿਆਂ ਦੇ ਲਾਲਚ ਵਿੱਚ ਸੋਨੀਪਤ ਦੇ ਰਹਿਣ ਵਾਲੇ 53 ਸਾਲਾ ਸਤੀਸ਼ ਤਾਇਲ ਦੇ ਫਰਜ਼ੀ ਪੁੱਤਰ ਅਮਨ ਤਾਇਲ (33) ਨੂੰ ਕਿਡਨੀ ਦਾਨ ਕਰ ਦਿੱਤੀ। ਕਿਡਨੀ ਟਰਾਂਸਪਲਾਂਟ 6 ਮਾਰਚ ਨੂੰ ਇੰਡਸ ਇੰਟਰਨੈਸ਼ਨਲ ਹਸਪਤਾਲ ਵਿੱਚ ਕੀਤਾ ਗਿਆ ਸੀ। ਕਪਿਲ ਨੇ ਦੋਸ਼ ਲਗਾਇਆ ਕਿ ਉਸ ਨੂੰ ਫਰਜ਼ੀ ਬੇਟਾ ਬਣਾਉਣ ਦੇ ਸਾਰੇ ਦਸਤਾਵੇਜ਼ ਹਸਪਤਾਲ 'ਚ ਕੰਮ ਕਰਨ ਵਾਲੇ ਕੋਆਰਡੀਨੇਟਰ ਅਭਿਸ਼ੇਕ ਨੇ ਤਿਆਰ ਕੀਤੇ ਸਨ।ਅਭਿਸ਼ੇਕ ਨੇ ਉਸ ਨੂੰ ਕਿਡਨੀ ਦੇ ਬਦਲੇ 10 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ। ਕਪਿਲ ਨੇ ਦੋਸ਼ ਲਾਇਆ ਕਿ ਉਸ ਦੀ ਕਿਡਨੀ ਕੱਢਣ ਤੋਂ ਬਾਅਦ ਉਸ ਨੂੰ ਸਿਰਫ਼ 4.5 ਲੱਖ ਰੁਪਏ ਦਿੱਤੇ ਗਏ ਸਨ।
ਕਿਵੇਂ ਹੋਇਆ ਪਰਦਾਫਾਸ਼:ਕਪਿਲ ਨੂੰ ਜੋ ਪੈਸੇ ਮਿਲੇ, ਉਹ 4 ਲੱਖ ਰੁਪਏ ਜੂਏ 'ਚ ਖਰਚ ਕਰ ਦਿੱਤੇ। ਦੋਸਤਾਂ ਦੀ ਸਲਾਹ 'ਤੇ ਉਸ ਨੇ ਮੋਬਾਈਲ ਐਪ 'ਚ ਪੈਸੇ ਦੁੱਗਣੇ ਕਰਨ ਦੇ ਲਾਲਚ 'ਚ ਪੈਸੇ ਗੁਆ ਲਏ। ਇਸ ਤੋਂ ਬਾਅਦ ਉਹ ਹੋਰ ਪੈਸੇ ਮੰਗਣ ਲੱਗਾ ਜਿਸ ਕਾਰਨ ਉਸ ਨੇ ਹੰਗਾਮਾ ਕਰ ਦਿੱਤਾ ਅਤੇ ਪੁਲਿਸ ਹੈਲਪਲਾਈਨ ਨੰਬਰ 112 'ਤੇ ਸ਼ਿਕਾਇਤ ਕੀਤੀ। ਕਪਿਲ ਨੇ ਦੋਸ਼ ਲਾਇਆ ਕਿ ਉਸ ਨੂੰ ਘਰ ਭੇਜਣ ਦੀ ਬਜਾਏ 10 ਲੱਖ ਰੁਪਏ ਦੀ ਬਜਾਏ, ਸਿਰਫ਼ 4.5 ਲੱਖ ਰੁਪਏ ਦਿੱਤੇ ਗਏ ਅਤੇ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ। ਉਸਦੇ ਹੰਗਾਮੇ ਅਤੇ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਹਸਪਤਾਲ ਪਹੁੰਚ ਕੇ ਉਸ ਨੂੰ ਛੁਡਵਾਇਆ ਅਤੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ।