ਮੋਹਾਲੀ:- ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਮੋਹਾਲੀ ਦੇ ਜ਼ਿਲ੍ਹਾ ਹਸਪਤਾਲ ਵਿਖੇ ਕੋਵਿਡ ਫਾਸਟ ਟੈਸਟਿੰਗ ਮਸ਼ੀਨ (ਆਈ.ਡੀ. ਨਾਓ) ਦਾ ਉਦਘਾਟਨ ਕੀਤਾ। ਇਹ ਮਸ਼ੀਨ ਅਮਰੀਕਾ ਦੀ ਗੈਰ-ਮੁਨਾਫਾ ਸੰਗਠਨ ਪਾਥ ਵੱਲੋਂ ਦਾਨ ਕੀਤੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸ. ਸਿੱਧੂ ਨੇ ਕਿਹਾ ਕਿ ‘ਆਈ.ਡੀ. ਨਾਓ’ ਮਸ਼ੀਨ ਕੋਵਿਡ ਦੇ ਪੁਸ਼ਟੀ ਕੀਤੇ ਹੋਏ ਨਤੀਜੇ ਤੇਜ਼ੀ ਨਾਲ ਪ੍ਰਦਾਨ ਕਰਨ ਵਿੱਚ ਲਾਭਕਾਰੀ ਸਿੱਧ ਹੋਵੇਗੀ ਅਤੇ ਇਹ ਮਸ਼ੀਨ ਛੇ ਤੋਂ ਤੇਰ੍ਹਾਂ ਮਿੰਟਾਂ ਦੇ ਅੰਦਰ ਨਤੀਜੇ ਪ੍ਰਦਾਨ ਕਰਦੀ ਹੈ ਜਿਸਦੀ ਪ੍ਰਤੀ ਦਿਨ 30 ਟੈਸਟ ਕਰਨ ਦੀ ਸਮਰੱਥਾ ਹੈ। ਉਨ੍ਹਾਂ ਕਿਹਾ ਕਿ ਇਹ ਮਸ਼ੀਨ ਐਮਰਜੈਂਸੀ ਅਤੇ ਆਈ.ਪੀ.ਡੀ. ਨਮੂਨਿਆਂ ਦੀ ਜਾਂਚ ਵਿੱਚ ਅਹਿਮ ਸਾਬਤ ਹੋਵੇਗੀ।ਉਨ੍ਹਾਂ ਕਿਹਾ ਕਿ ਜਦੋਂ ਗੰਭੀਰ ਮਰੀਜ਼ਾਂ ਦੀ ਟੈਸਟਿੰਗ ਕਰਨ ਦੀ ਜ਼ਰੂਰਤ ਬਹੁਤ ਜ਼ਿਆਦਾ ਹੈ ਤਾਂ ਅਜਿਹੇ ਵੇਲੇ ਇਹ ਮਸ਼ੀਨ ਟੈਸਟਿੰਗ ਲਈ ਵਰਦਾਨ ਸਾਬਤ ਹੋਵੇਗੀ।
ਸਿਹਤ ਮੰਤਰੀ ਨੇ ਕਿਹਾ ਕਿ ਇਹ ਮਸ਼ੀਨ ਪੋਰਟੇਬਲ ਹੈ ਅਤੇ ਆਪਣੀ ਤਰ੍ਹਾਂ ਦੀ ਪਹਿਲੀ ਆਰ.ਟੀ.ਪੀ.ਸੀ.ਆਰ. ਅਧਾਰਤ ਮਸ਼ੀਨ ਹੈ ਜਿਸ ਨੂੰ ਟੈਸਟਿੰਗ ਲਈ ਆਸਾਨੀ ਨਾਲ ਪਿੰਡਾਂ ਵਿਚ ਲਿਜਾਇਆ ਜਾ ਸਕਦਾ ਹੈ। ਇਹ ਟੈਸਟਿੰਗ ਮਸ਼ੀਨ ਮਾਈਕ੍ਰੋ ਕੰਟੇਨਮੈਂਟ ਜ਼ੋਨਾਂ ਵਿਚ ਟੈਸਟਿੰਗ ਕਰਨ ਵਿਚ ਵੀ ਵਧੇਰੇ ਮਦਦਗਾਰ ਸਾਬਤ ਹੋਵੇਗੀ।
ਕੈਬਨਿਟ ਮੰਤਰੀ ਨੇ “ਭਾਰਤ ਵਿਚ ਕੋਵਿਡ-19 ਟੈਸਟਿੰਗ ਤੱਕ ਪਹੁੰਚ ਵਧਾਉਣ” ਦੇ ਪ੍ਰਾਜੈਕਟ ਤਹਿਤ ਪੰਜਾਬ ਨੂੰ ਸਹਿਯੋਗ ਦੇਣ ਵਜੋਂ ਨਵੀਨਤਮ ਤਕਨਾਲੋਜੀ ਨਾਲ ਲੈਸ ਇਹ ਮਸ਼ੀਨ ਦਾਨ ਕਰਨ ਲਈ ਪਾਥ ਦੇ ਉੱਦਮ ਦੀ ਸ਼ਲਾਘਾ ਕੀਤੀ।
ਇਸ ਮੌਕੇ ਸਿਹਤ ਕਰਮਚਾਰੀਆਂ ਵੱਲੋਂ ਕੀਤੇ ਜਾ ਰਹੇ ਠੋਸ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਮੈਡੀਕਲ ਅਤੇ ਪੈਰਾ-ਮੈਡੀਕਲ ਸਟਾਫ ਪਿਛਲੇ ਸਾਲ ਤੋਂ ਲੋੜੀਂਦੀਆਂ ਕੋਵਿਡ-19 ਮੈਡੀਕਲ ਸੇਵਾਵਾਂ ਮੁਹੱਈਆ ਕਰਾਉਣ ਲਈ ਨਿਰੰਤਰ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਸਟਾਫ਼ ਨੂੰ ਕੋਵਿਡ ਮਰੀਜ਼ਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਆਪਣੇ ਇਸ ਨੇਕ ਕਾਰਜ ਨੂੰ ਤਨਦੇਹੀ ਨਾਲ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ।