ਮੁਹਾਲੀ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈਕੇ ਪੁਲਿਸ ਹਰਕਤ 'ਚ ਹੈ। ਇਸ ਨੂੰ ਲੈਕੇ ਪੁਲਿਸ ਵਲੋਂ ਪੰਜਾਬ ਸਮੇਤ ਹੋਰਨਾਂ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦੇ ਚੱਲਦਿਆਂ ਸਵੇਰ ਤੜਕਸਾਰ ਤੋਂ ਪੁਲਿਸ ਵਲੋਂ ਅੱਜ ਮੁਹਾਲੀ ਅਤੇ ਖਰੜ 'ਚ ਛਾਪੇਮਾਰੀ ਕੀਤੀ ਹੈ।
ਜਲਵਾਯੂ ਟਾਵਰ ਇਲਾਕੇ 'ਚ ਛਾਪੇਮਾਰੀ: ਮੁਹਾਲੀ ਦੇ ਜਲਵਾਯੂ ਟਾਵਰ ਇਲਾਕੇ 'ਚ ਛਾਪੇਮਾਰੀ ਦੌਰਾਨ ਪੁਲਿਸ ਵਲੋਂ ਕੁਝ ਨੌਜਵਾਨਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਵਲੋਂ ਕੁਝ ਗੱਡੀਆਂ ਵੀ ਰਾਊਂਡਅੱਪ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਪੁਲਿਸ ਵਲੋਂ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇੰਨਾਂ ਨੌਜਵਾਨਾਂ 'ਚੋਂ ਕਿਸੇ ਦੇ ਤਾਰ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਜੁੜੇ ਹੋ ਸਕਦੇ ਹਨ।
ਪੁਲਿਸ ਛਾਉਣੀ 'ਚ ਤਬਦੀਲ: ਇਸ ਸਬੰਧੀ ਮੁਹਾਲੀ ਦੇ ਡੀ.ਐਸ.ਪੀ ਬਰਾੜ ਨੇ ਕਿਹਾ ਕਿ ਡੀ.ਆਈ.ਜੀ. ਤੇ ਜ਼ਿਲ੍ਹੇ ਦੇ ਐਸ.ਐਸ.ਪੀ. ਦੇ ਨਿਰਦੇਸ਼ਾਂ 'ਤੇ ਜਲਵਾਯੂ ਟਾਵਰ ਇਲਾਕੇ 'ਚ ਇਹ ਕਾਰਵਾਈ ਕੀਤੀ ਗਈ ਹੈ। ਜਿਸ 'ਚ ਜ਼ਿਲ੍ਹਾ ਅਪਰੇਸ਼ਨ ਸੈੱਲ ਵੀ ਨਾਲ ਸ਼ਾਮਲ ਸੀ। ਉਨ੍ਹਾਂ ਦੱਸਿਆ ਕਿ ਸੋ ਤੋਂ ਵੱਧ ਮੁਲਾਜ਼ਮਾਂ ਨਾਲ ਇਹ ਰੇਡ ਕੀਤੀ ਗਈ ਹੈ। ਜਿਸ ਦੌਰਾਨ ਪੂਰਾ ਜਲਵਾਯੂ ਟਾਵਰ ਪੁਲਸ ਛਾਉਣੀ 'ਚ ਤਬਦੀਲ ਹੋ ਗਿਆ। ਇਸ ਦੌਰਾਨ ਪੁਲਿਸ ਵੱਲੋਂ ਦਰਜਨ ਤੋਂ ਵੱਧ ਸ਼ੱਕੀ ਵਿਅਕਤੀਆਂ ਨੂੰ ਰਾਊਂਡ ਅੱਪ ਕੀਤੇ ਜਾਣ ਦੀ ਸੂਚਨਾ ਹੈ। ਉਨ੍ਹਾਂ ਦੱਸਿਆ ਕਿ ਇਹ ਰੇਡ ਅੱਗੇ ਵੀ ਇਸ ਤਰ੍ਹਾਂ ਹੀ ਜਾਰੀ ਰਹੇਗੀ।
ਤਿੰਨ ਜ਼ਿਲ੍ਹਿਆਂ ਦੇ ਐਸ.ਐਸ.ਪੀ ਮੌਜੂਦ : ਇਸ ਮੌਕੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਖੁਦ ਮੌਕੇ 'ਤੇ ਮੌਜੂਦ ਸਨ। ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਪੁਲਿਸ ਨੇ 20 ਨੌਜਵਾਨਾਂ ਨੂੰ ਹਿਰਾਸਤ 'ਚ ਲਿਆ ਹੈ। ਮੁਹਾਲੀ, ਫਤਹਿਗੜ੍ਹ ਸਾਹਿਬ ਤੇ ਰੋਪੜ ਪੁਲਿਸ ਦਾ ਜੁਆਇੰਟ ਆਪਰੇਸ਼ਨ ਹੈ। ਪੁਲਿਸ ਨੇ 3 ਸੁਸਾਇਟੀਆਂ 'ਚ ਜਲਵਾਯੂ, ਹੋਮਲੈਂਡ ਤੇ ਈਡਨ ਕੋਰਟ ਸੁਸਾਇਟੀ 'ਚ ਰੇਡ ਕੀਤੀ ਗਈ ਹੈ। ਇਸ ਦੌਰਾਨ 7 ਹਥਿਆਰ ਅਤੇ 21 ਲੱਖ ਰੁਪਏ ਬਰਾਮਦ ਹੋਏ। ਇਸ ਤੋਂ ਇਲਾਵਾ 10 ਵਾਹਨ ਵੀ ਜ਼ਬਤ ਕੀਤੇ ਗਏ ਹਨ। ਨਾਲ ਹੀ 18 ਗ੍ਰਾਮ ਅਫੀਮ ਵੀ ਬਰਾਮਦ ਹੋਈ। ਇਹ ਨੌਜਵਾਨ ਬਿਨ੍ਹਾਂ ਵੈਰੀਫਿਕੇਸ਼ਨ ਦੇ ਰਹਿ ਰਹੇ ਸਨ।