ਮੋਹਾਲੀ: ਸ਼ਹਿਰ ਦੀਆਂ ਜੜ੍ਹਾਂ ਦੇ ਵਿੱਚ ਵਸਿਆ ਚੱਪੜਚਿੜੀ ਸਿੱਖ ਇਤਿਹਾਸ ਦੇ ਵਿੱਚ ਕਾਫੀ ਮਹੱਤਤਾ ਰੱਖਣ ਵਾਲਾ ਪਿੰਡ ਹੈ। ਚੰਡੀਗੜ੍ਹ ਤੋਂ ਲੱਗਭਗ ਪੰਦਰਾਂ ਕਿਲੋਮੀਟਰ ਦੂਰ ਇਸ ਪਿੰਡ ਦੇ ਖੁੱਲ੍ਹੇ ਮੈਦਾਨ ਵਿੱਚ ਸਰਹਿੰਦ ਦੀ ਲੜਾਈ ਲੜੀ ਗਈ ਸੀ ਜਿਸ ਦੌਰਾਨ ਬਾਬਾ ਬੰਦਾ ਸਿੰਘ ਬਹਾਦਰ ਜੀ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਦਾ ਬਦਲਾ ਵਜ਼ੀਰ ਖਾਂ ਨੂੰ ਮਾਰ ਕੇ ਲਿਆ ਗਿਆ ਸੀ।
ਚੱਪੜਚਿੜੀ ਦੀ ਜੰਗ ਵਾਲੀ ਜਗ੍ਹਾ 'ਤੇ ਪੰਜਾਬ ਸਰਕਾਰ ਨੇ ਇੱਕ ਫ਼ਤਿਹ ਬੁਰਜ ਬਣਾਇਆ ਹੈ ਅਤੇ ਨਾਲ ਹੀ ਉਨ੍ਹਾਂ ਪੰਜ ਕਮਾਂਡੋ ਦੇ ਬੁੱਤ ਵੀ ਲਗਾਏ ਹਨ ਜਿਹੜੇ ਜੰਗ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਸਨ। ਪਰ ਤਰਾਸਦੀ ਦੀ ਗੱਲ ਇਹ ਹੈ ਕਿ ਇਸ ਜਗ੍ਹਾ 'ਤੇ ਸੈਲਾਨੀਆਂ ਦਾ ਆਉਣਾ ਬਹੁਤ ਹੀ ਘੱਟ ਹੈ। ਉਥੇ ਪਹੁੰਚੇ ਸ਼ਰਧਾਲੂਆਂ ਨੇ ਕਿਹਾ ਕਿ ਜਿਸ ਹਿਸਾਬ ਨਾਲ ਸਰਕਾਰ ਵੱਲੋਂ ਇਹ ਸਮਾਰਕ ਬਣਾਇਆ ਗਿਆ ਹੈ, ਉਸ ਹਿਸਾਬ ਨਾਲ ਇਥੇ ਲੋਕ ਨਹੀਂ ਹਨ।