ਚੰਡੀਗੜ੍ਹ: ਸਿਹਤ ਮੰਤਰੀ ਪੰਜਾਬ, ਬਲਬੀਰ ਸਿੰਘ ਸਿੱਧੂ ਨੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਦੀ ਹਾਜ਼ਰੀ ਵਿੱਚ ਮੁਹਾਲੀ ਦੇ ਪਿੰਡ ਜਗਤਪੁਰਾ ਤੋਂ ਡਰੋਨਾਂ ਰਾਹੀਂ ਸੈਨੇਟਾਈਜ਼ ਕਰਨ ਦੀ ਸ਼ੁਰੂਆਤ ਕੀਤੀ। ਜਗਤਪੁਰਾ ਤੋਂ ਬਾਅਦ, ਮੁਹਿੰਮ ਨੂੰ ਬਦਮਾਜਰਾ, ਜੁਝਾਰ ਨਗਰ ਅਤੇ ਬਲੌਂਗੀ ਵਿਚ ਗ੍ਰੀਨ ਐਨਕਲੇਵ ਵਿਚ ਅੱਗੇ ਚਲਾਇਆ ਗਿਆ। ਮੰਤਰੀ ਨੇ ਕਿਹਾ ਕਿ ਇਹ ਮੁਹਿੰਮ ਛੇਤੀ ਹੀ ਪੂਰੇ ਰਾਜ ਵਿੱਚ ਚਲਾਈ ਜਾਏਗੀ।
ਮੰਤਰੀ ਨੇ ਅੱਗੇ ਕਿਹਾ ਕਿ ਰਾਜ ਸਰਕਾਰ ਕੋਰੋਨਾ ਵਾਇਰਸ ਬਿਮਾਰੀ ਨਾਲ ਲੜਨ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ ਅਤੇ ਡਰੋਨ ਇਸ ਵਿਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸੰਘਣੀ ਆਬਾਦੀ ਵਾਲੇ, ਭੀੜ ਵਾਲੇ ਖੇਤਰਾਂ ਖ਼ਾਸ ਕਰਕੇ ਝੁੱਗੀਆਂ-ਝੌਂਪੜੀਆਂ ਦੀ ਸਵੱਛਤਾ ਸਰਕਾਰ ਦੀ ਪਹਿਲੀ ਤਰਜੀਹ ਹੈ।