ਮੋਹਾਲੀ: ਸੰਗਰੂਰ ਦੇ ਬਡਬਰ ਦੇ ਰਹਿਣ ਵਾਲੇ ਗੁਰਦੀਪ ਸ਼ਰਮਾ ਜਿਨ੍ਹਾਂ ਦੀ ਆਰਟਿਸਟ ਬਣਨ ਤੱਕ ਦੀ ਕਹਾਣੀ ਬਹੁਤ ਹੀ ਮੁਸ਼ਕਲਾਂ ਅਤੇ ਰੋਚਕ ਭਰੀ ਹੈ। ਦਰਅਸਲ ਸੰਗਰੂਰ ਤੋਂ ਚੰਡੀਗੜ੍ਹ ਆ ਕੇ ਵੱਸੇ ਗੁਰਦੀਪ ਸ਼ਰਮਾ ਨੂੰ ਉਦੋਂ ਮਨ 'ਚ ਠੇਸ ਪਹੁੰਚੀ ਜਦੋਂ ਉਨ੍ਹਾਂ ਦੇ ਸ਼ਹਿਰ ਵਿੱਚ ਬੱਚਿਆਂ ਨੂੰ ਪੰਜਾਬ ਅਤੇ ਪੇਂਡੂ ਸੱਭਿਆਚਾਰ ਬਾਰੇ ਪਤਾ ਹੀ ਨਹੀਂ ਸੀ। ਉਨ੍ਹਾਂ ਨੂੰ ਜਾਣੂ ਕਰਵਾਉਣ ਲਈ ਇਨ੍ਹਾਂ ਕੈਨਵਸ ਪੇਂਟਿੰਗ ਰਾਹੀਂ ਤਸਵੀਰਾਂ ਤਿਆਰ ਕੀਤੀਆਂ। ਆਪਣੀ ਪੇਂਟਿੰਗ ਰਾਹੀਂ ਉਨ੍ਹਾਂ ਪੇਂਡੂ ਸੱਭਿਆਚਾਰ ਨੂੰ ਮੁੜ ਜਿਉਂਦਾ ਕਰਨ ਦੀ ਕੋਸ਼ਿਸ਼ ਕੀਤੀ।
ਕੈਨਵਸ 'ਤੇ ਰੰਗਾਂ ਨੂੰ ਜਿਊਂਦਾ ਕਰਦਾ ਕਲਾਕਾਰ ਉਨ੍ਹਾਂ ਅਪਣੀ ਕੈਨਵਸ ਪੇਂਟਿੰਗ 'ਚ ਨਸ਼ਿਆਂ ਦਾ ਮੁੱਦਾ, ਪੇਂਡੂ ਜ਼ਿੰਦਗੀ ਅਤੇ ਪਿੰਡਾਂ ਵਿੱਚ ਕਿਸ ਤਰੀਕੇ ਨਾਲ ਔਰਤਾਂ ਫੁੱਲ ਬੂਟੀਆਂ ਕੱਢਦੀਆਂ ਸਨ ਜਾਂ ਬੱਚੇ ਘਰਾਂ ਦੇ ਵਿੱਚ ਕਿਹੜੇ ਖਿਡੌਣਿਆਂ ਨਾਲ ਖੇਡਦੇ ਸਨ, ਇਨ੍ਹਾਂ ਤਸਵੀਰਾਂ ਨੂੰ ਤਿਆਰ ਕੀਤੀ।
ਆਰਟਿਸਟ ਗੁਰਦੀਪ ਸ਼ਰਮਾ ਨੇ ਈਟੀਵੀ ਭਾਰਤ 'ਚ ਗੱਲ ਕਰਦੇ ਹੋਏ ਦੱਸਿਆ ਕਿ ਸਭ ਤੋਂ ਵੱਡੀ ਕਲਾਕਾਰ ਘਰ ਵਿੱਚ ਮਾਂ ਹੁੰਦੀ ਹੈ ਜੋ ਪਿੰਡਾਂ ਦੇ ਵਿੱਚ ਚੁੱਲ੍ਹਾ ਚੋਂਕਾ ਸਾਂਭਦੀ ਹੈ। ਉਨ੍ਹਾਂ ਦੇ ਦਿਨ ਦੇ ਕੁੱਝ ਕੰਮਕਾਰਾਂ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਪੇਂਡੂ ਸੱਭਿਆਚਾਰ ਦੇ ਉੱਪਰ ਸੀਰੀਜ਼ ਕਰਨ ਦਾ ਫੈਸਲਾ ਕੀਤਾ। ਇਸ ਵਿੱਚ ਖ਼ਾਸ ਧਿਆਨ ਇਹ ਰੱਖਿਆ ਗਿਆ ਹੈ ਕਿ ਪੇਂਟਿੰਗ ਵਿੱਚ ਪੁਰਾਣੇ ਜ਼ਮਾਨੇ ਅਤੇ ਨਵੇਂ ਜ਼ਮਾਨੇ ਦੇ ਬੱਚਿਆਂ ਨੂੰ ਜੋੜਨ ਦੇ ਲਈ ਉਸ ਹਿਸਾਬ ਨਾਲ ਪੇਂਟਿੰਗ ਦੀ ਸੀਰੀਜ਼ ਬਣਾਈ ਗਈ ਕਿ ਕਿਸੇ ਨੂੰ ਦੇਖ ਕੇ ਕੁੱਝ ਗਲ਼ਤ ਮਹਸੂਸ ਨਾ ਹੋਵੇ, ਕਿ ਧੱਕੇ ਨਾਲ ਉਨ੍ਹਾਂ ਉੱਪਰ ਸੱਭਿਆਚਾਰ ਥੋਪਿਆ ਜਾ ਰਿਹਾ ਹੈ।
ਆਰਟਿਸਟ ਸ਼ਰਮਾ ਨੇ ਆਪਣੀ ਜ਼ਿੰਦਗੀ ਨਾਲ ਜੁੜੀਆਂ ਕੁੱਝ ਗੱਲਾਂ ਦੱਸਦਿਆਂ ਕਿਹਾ ਕਿ ਸਕੂਲ ਵਿੱਚ ਕਿਸਾਨਾਂ ਦੇ ਬੱਚੇ ਜ਼ਿਆਦਾ ਪੜ੍ਹਨ ਕਾਰਨ ਸਕੂਲ ਵਿੱਚ ਡਰਾਇੰਗ ਦਾ ਵਿਸ਼ਾ ਨਹੀਂ ਮਿਲਦਾ ਸੀ ਅਤੇ ਡਰਾਇੰਗ ਸਿੱਖਣ ਦੇ ਜਨੂੰਨ ਕਾਰਨ ਉਨ੍ਹਾਂ ਨੂੰ ਮਾਸਟਰ ਕੋਲੋਂ ਬਹੁਤ ਵਾਰ ਕੁੱਟ ਖਾਣੀ ਪਈ। ਗੁਰਦੀਪ ਸ਼ਰਮਾ ਮੁਤਾਬਕ ਜੇਕਰ ਉਹ ਆਪਣੇ ਜ਼ਿਲ੍ਹੇ ਵਿੱਚ ਰਹਿ ਕੇ ਇਹ ਆਰਟ ਦਾ ਕੰਮ ਕਰਦੇ ਤਾਂ ਸ਼ਾਇਦ ਹੀ ਉਨ੍ਹਾਂ ਦੇ ਕੰਮ ਦੀ ਵੁੱਕਤ ਪੈਣੀ ਸੀ।