ਮੋਹਾਲੀ: ਪੰਜਾਬ ਦੇ ਸਹਿਕਾਰਤਾ ਤੇ ਜੇਲਾਂ ਬਾਰੇ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਹਦਾਇਤ ਦਿੱਤੀ ਹੈ, ਕਿ ਮੋਹਾਲੀ ਸ਼ਹਿਰ ਵਿੱਚ ਪਾਇਲਟ ਪ੍ਰੌਜੈਕਟ ਵੱਜੋਂ ਸੂਬੇ ਦਾ ਪਹਿਲਾ ‘ਡੌਗ ਪੌਂਡ’ ਬਣਾਇਆ ਜਾਵੇ ਤਾਂ ਕਿ ਲੋਕਾਂ ਨੂੰ ਅਵਾਰਾ ਕੁੱਤਿਆਂ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਇਆ ਜਾ ਸਕੇ। ਜ਼ਿਲਾ ਸ਼ਿਕਾਇਤ ਨਿਵਾਰਨ ਕਮੇਟੀ, ਐਸ.ਏ.ਐਸ. ਨਗਰ ਦੀ ਸੋਮਵਾਰ ਨੂੰ ਇੱਥੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਸੈਕਟਰ-76 ਵਿੱਚ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ, ਇਸ ਕਮੇਟੀ ਦੇ ਚੇਅਰਮੈਨ ਰੰਧਾਵਾ ਨੇ ਖਰੜ ਤੋਂ ਵਿਧਾਇਕ ਕੰਵਰ ਸੰਧੂ ਵੱਲੋਂ ਚੁੱਕੇ, ਇਸ ਮੁੱਦੇ ਨੂੰ ਮੁਖਾਤਿਬ ਹੁੰਦਿਆਂ ਡਿਪਟੀ ਕਮਿਸ਼ਨਰ ਐਸ.ਏ.ਐਸ. ਗਿਰੀਸ਼ ਦਿਆਲਨ ਅਤੇ ਕਮਿਸ਼ਨਰ ਨਗਰ ਨਿਗਮ ਸ੍ਰੀ ਕਮਲ ਕੁਮਾਰ ਨੂੰ ਕਿਹਾ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਰੌਸ਼ਨੀ ਵਿੱਚ ਕੁੱਝ ਨਵਾਂ ਪ੍ਰੋਗਰਾਮ ਤਲਾਸ਼ਿਆ ਜਾਵੇ ਤਾਂ ਕਿ ਲੋਕਾਂ ਨੂੰ ਅਵਾਰਾ ਕੁੱਤਿਆਂ ਦੀ ਸਮੱਸਿਆ ਤੋਂ ਛੁਟਕਾਰਾ ਮਿਲੇ।
ਉਨਾਂ ਕਿਹਾ ਕਿ ਇਸ ਸਮੱਸਿਆ ਦੇ ਖ਼ਾਤਮੇ ਲਈ ਮੋਹਾਲੀ ਸ਼ਹਿਰ ਤੋਂ ਪਾਇਲਟ ਪ੍ਰਾਜੈਕਟ ਵੱਜੋਂ ‘ਡੌਗ ਪੌਂਡ’ ਬਣਾਉਣ ਦੀ ਸੰਭਾਵਨਾ ਤਲਾਸ਼ੀ ਜਾਵੇ ਅਤੇ ਪ੍ਰੋਜੈਕਟ ਉੱਤੇ ਛੇਤੀ ਅਮਲ ਕੀਤਾ ਜਾਵੇ। ਡਿਵੀਜ਼ਨਲ ਕਮਿਸ਼ਨਰ ਰੂਪਨਗਰ ਸ੍ਰੀ ਰਾਹੁਲ ਤਿਵਾੜੀ ਅਤੇ ਜ਼ਿਲਾ ਪੁਲੀਸ ਮੁਖੀ ਸ੍ਰੀ ਕੁਲਦੀਪ ਚਾਹਲ ਦੀ ਹਾਜ਼ਰੀ ਵਿੱਚ ਹੋਈ, ਇਸ ਮੀਟਿੰਗ ਦੌਰਾਨ ਸ. ਰੰਧਾਵਾ ਨੇ ਕਿਹਾ ਕਿ ਪਿੰਡਾਂ ਵਿੱਚ ਸਫ਼ਾਈ ਯਕੀਨੀ ਬਣਾਉਣ ਲਈ ਜ਼ਿਲੇ ਦੇ ਹਰੇਕ ਪਿੰਡ ਉਤੇ ਇੱਕ ਗਜ਼ਟਿਡ ਅਧਿਕਾਰੀ ਤਾਇਨਾਤ ਕੀਤਾ ਜਾਵੇ ਅਤੇ ਉਸ ਨੂੰ ਸਫ਼ਾਈ ਲਈ ਜ਼ਿੰਮੇਵਾਰ ਠਹਿਰਾਇਆ ਜਾਵੇ ਤਾਂ ਕਿ ਸਫ਼ਾਈ ਦਾ ਕੰਮ ਨਿਰਵਿਘਨ ਨੇਪਰੇ ਚੜੇ।
ਵਾਤਾਵਰਨ ਸੰਭਾਲ ਲਈ ਫ਼ਸਲੀ ਰਹਿੰਦ-ਖੂੰਹਦ ਦੇ ਮੁਕੰਮਲ ਨਿਬੇੜੇ ਉਤੇ ਜ਼ੋਰ ਦਿੰਦਿਆਂ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਸਹਿਕਾਰਤਾ ਤੇ ਖੇਤੀਬਾੜੀ ਵਿਭਾਗ ਵਿੱਚ ਤਾਲਮੇਲ ਮਜ਼ਬੂਤ ਕਰਨ ਉਤੇ ਜ਼ੋਰ ਦਿੰਦਿਆਂ ਕਿਹਾ ਕਿ, ਪਰਾਲੀ ਤੇ ਹੋਰ ਫ਼ਸਲੀ ਰਹਿੰਦ-ਖੂੰਹਦ ਫੂਕਣ ਦੀ ਸਮੱਸਿਆ ਦੇ ਹੱਲ ਲਈ ਦੋਵਾਂ ਵਿਭਾਗਾਂ ਵਿੱਚ ਤਾਲਮੇਲ ਬੇਹੱਦ ਜ਼ਰੂਰੀ ਹੈ ਤਾਂ ਹੀ ਬਿਹਤਰ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ। ਨਸ਼ਿਆਂ ਦੇ ਖ਼ਾਤਮੇ ਲਈ ਪਿੰਡ ਪੱਧਰੀ ਕਮੇਟੀਆਂ ਨੂੰ ਹੋਰ ਮਜ਼ਬੂਤ ਕਰਨ ਦੀ ਗੱਲ ਕਹਿੰਦੀਆਂ ਉਨਾਂ ਕਿਹਾ ਕਿ, ਯੂਥ ਕਲੱਬਾਂ ਨੂੰ ਇਸ ਮੁਹਿੰਮ ਵਿੱਚ ਭਾਈਵਾਲ ਬਣਾਇਆ ਜਾਵੇ ਤਾਂ ਕਿ ਨਸ਼ਿਆਂ ਦੀ ਸਪਲਾਈ ਲਾਈਨ ਨੂੰ ਤੋੜਨ ਦੇ ਨਾਲ ਨਾਲ ਨਸ਼ਾ ਕਰਨ ਵਾਲਿਆਂ ਦਾ ਬਿਹਤਰ ਇਲਾਜ ਹੋ ਸਕੇ।