ਐੱਸਐੱਸਪੀ ਮੁਹਾਲੀ ਜਾਣਕਾਰੀ ਦਿੰਦੇ ਹੋਏ ਮੁਹਾਲੀ: ਪੰਜਾਬ ਦੇ ਮੁਹਾਲੀ ਵਿੱਚ ਪੁਲਿਸ ਦਾ ਗੈਂਗਸਟਰ ਨਾਲ ਮੁਕਾਬਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮੁਕਾਬਲੇ ਵਿੱਚ ਗੈਂਗਸਟਰ ਸ਼ਰਨਜੀਤ ਸਿੰਘ ਸੰਨੀ ਪੁਲਿਸ ਦੀ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ, ਜਿਸ ਨੂੰ ਪੁਲਿਸ ਨੇ ਕਾਬੂ ਕਰਕੇ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਹੈ। ਸੰਨੀ ਪਾਕਿਸਤਾਨ 'ਚ ਬੈਠੇ ਖਾਲਿਸਤਾਨੀ ਗੈਂਗਸਟਰ ਹਰਵਿੰਦਰ ਸਿੰਘ ਰਿੰਦਾ ਦਾ ਕਰੀਬੀ ਦੱਸਿਆ ਜਾ ਰਿਹਾ ਹੈ। ਉਸ ਨੂੰ ਗੋਲੀ ਲੱਗਣ ਤੋਂ ਬਾਅਦ ਜ਼ਖਮੀ ਹਾਲਤ 'ਚ ਗ੍ਰਿਫਤਾਰ ਕਰ ਲਿਆ ਗਿਆ। ਮੁਕਾਬਲੇ ਤੋਂ ਬਾਅਦ ਪੁਲਿਸ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਹਨ। ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਸੰਨੀ ਡਰੋਨ ਰਾਹੀਂ ਹਥਿਆਰਾਂ ਅਤੇ ਡਰੱਗ ਤਸਕਰੀ ਦੇ ਨੈੱਟਵਰਕ ਨਾਲ ਜੁੜਿਆ ਹੋਇਆ ਹੈ। ਉਹ ਬਟਾਲਾ, ਗੁਰਦਾਸਪੁਰ ਦਾ ਰਹਿਣ ਵਾਲਾ ਹੈ।
ਕਾਬੂ ਕੀਤੇ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਕਾਰਵਾਈ:ਪੰਜਾਬ ਪੁਲਸ ਨੇ ਬੁੱਧਵਾਰ ਨੂੰ ਅੰਮ੍ਰਿਤਸਰ ਤੋਂ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ। ਜਦੋਂ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਸੰਨੀ ਬਾਰੇ ਦੱਸਿਆ। ਜਿਸ ਵਿੱਚ ਪੁਲਿਸ ਨੂੰ ਇਨਪੁੱਟ ਮਿਲਿਆਸੀ ਕਿ ਸੰਨੀ ਮੁਹਾਲੀ ਇਲਾਕੇ ਵਿੱਚ ਲੁਕਿਆ ਹੋਇਆ ਹੈ। ਇਸ ਤੋਂ ਬਾਅਦ ਮੁਹਾਲੀ ਦੇ ਬਲੌਂਗੀ ਇਲਾਕੇ ਵਿੱਚ ਪੁਲਿਸ ਟੀਮਾਂ ਵੱਲੋਂ ਸਰਚ ਆਪਰੇਸ਼ਨ ਚਲਾਇਆ ਗਿਆ, ਜਿਸ ਤੋਂ ਬਾਅਦ ਇਹ ਮੁਕਾਬਲਾ ਹੋ ਗਿਆ।
ਪੁਲਿਸ ਦੇਖ ਭੱਜਣ ਦੀ ਕੋਸ਼ਿਸ਼ ਤੇ ਫਿਰ ਚਲਾਈ ਗੋਲੀ:ਵੀਰਵਾਰ ਸ਼ਾਮ ਨੂੰ ਜਿਵੇਂ ਹੀ ਮੁਹਾਲੀ ਅਤੇ ਬਟਾਲਾ ਪੁਲਿਸ ਗੈਂਗਸਟਰ ਸੰਨੀ ਦੇ ਨੇੜੇ ਪਹੁੰਚੀ ਤਾਂ ਉਸ ਨੇ ਪਹਿਲਾਂ ਭੱਜਣ ਦੀ ਕੋਸ਼ਿਸ਼ ਕੀਤੀ। ਜਦੋਂ ਪੁਲਿਸ ਨੇ ਉਸ ਦਾ ਪਿੱਛਾ ਕੀਤਾ ਤਾਂ ਉਸ ਨੇ ਗੋਲੀਆਂ ਚਲਾ ਦਿੱਤੀਆਂ। ਜਿਸ ਤੋਂ ਬਾਅਦ ਉਹ ਜਾ ਕੇ ਗਊਸ਼ਾਲਾ ਵਿੱਚ ਲੁਕ ਗਿਆ। ਜਿਸ ਤੋਂ ਬਾਅਦ ਕੁਝ ਦੇਰ ਤੱਕ ਪੁਲਿਸ ਅਤੇ ਉਸ ਵਿਚਕਾਰ ਗੋਲੀਬਾਰੀ ਹੁੰਦੀ ਰਹੀ। ਜ਼ਖਮੀ ਹੋਣ ਤੋਂ ਬਾਅਦ ਗ੍ਰਿਫਤਾਰੀ ਸਮੇਂ ਉਸ ਕੋਲੋਂ ਇਕ ਪਿਸਤੌਲ ਅਤੇ 2 ਕਾਰਤੂਸ ਬਰਾਮਦ ਹੋਏ ਹਨ।
ਪਾਕਿਸਤਾਨ ਬੈਠੇ ਰਿੰਦਾ ਨਾਲ ਸੀ ਸੰਪਰਕ:ਪੁਲਿਸ ਜਾਂਚ ਮੁਤਾਬਕ ਗ੍ਰਿਫਤਾਰ ਸੰਨੀ ਦਾ ਸਬੰਧ ਗੈਂਗਸਟਰ ਹਰਪ੍ਰੀਤ ਉਰਫ ਹੈਪੀ ਪਾਸਿਆ ਨਾਲ ਹੈ। ਪਾਸਿਆ ਕੈਨੇਡਾ 'ਚ ਬੈਠਾ ਹੈ ਅਤੇ ਅੱਤਵਾਦੀ ਹਰਵਿੰਦਰ ਰਿੰਦਾ ਦਾ ਕਰੀਬੀ ਹੈ। ਪਾਸਿਆ ਰਿੰਦਾ ਦੇ ਇਸ਼ਾਰੇ 'ਤੇ ਪੰਜਾਬ ਵਿਚ ਸਰਗਰਮ ਸੀ। ਗ੍ਰਿਫਤਾਰ ਸੰਨੀ ਪਾਕਿਸਤਾਨ ਤੋਂ ਡਰੋਨ ਰਾਹੀਂ ਹਥਿਆਰਾਂ ਦੀ ਤਸਕਰੀ ਕਰਨ ਵਿਚ ਸ਼ਾਮਲ ਸੀ। ਉਸ ਦੇ ਇਕ ਸਾਥੀ ਅਮਰਪ੍ਰੀਤ ਸਿੰਘ ਨੂੰ ਪੁਲਿਸ ਨੇ ਪਿਛਲੇ ਸਾਲ ਅਕਤੂਬਰ ਵਿਚ ਫੜਿਆ ਸੀ, ਜਦੋਂ ਕਿ ਇਸ ਦੀ ਭਾਲ ਕੀਤੀ ਜਾ ਰਹੀ ਸੀ।
ਹਥਿਆਰ ਤੇ ਨਸ਼ੇ ਦੀ ਕਰਦਾ ਸੀ ਸਪਲਾਈ: ਮੁਹਾਲੀ ਦੇ ਐਸਐਸਪੀ ਸੰਦੀਪ ਗਰਗ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਹਥਿਆਰ ਬਰਾਮਦ ਕੀਤੇ ਗਏ ਹਨ। ਇਹ ਹੈਪੀ ਪਾਸਿਆ ਦੇ ਸੰਪਰਕ ਵਿੱਚ ਸੀ। ਸੰਨੀ ਵੀ ਉਨ੍ਹਾਂ ਦੀ ਮਾਡਿਊਲ ਪਾਰਟਨਰ ਹੈ। ਇਹ ਮੋਡੀਊਲ ਅਕਤੂਬਰ 2023 ਵਿੱਚ ਕੈਪਚਰ ਕੀਤਾ ਗਿਆ ਸੀ ਅਤੇ ਇਸ ਦਾ ਇੱਕ ਹੋਰ ਸਾਥੀ ਅਮਰਜੀਤ ਪਹਿਲਾਂ ਹੀ ਫੜਿਆ ਗਿਆ ਸੀ। ਉਹ ਸਰਹੱਦ ਪਾਰ ਹਥਿਆਰਾਂ ਅਤੇ ਨਸ਼ੇ ਦੀ ਤਸਕਰੀ ਵਿੱਚ ਸ਼ਾਮਲ ਸੀ। ਸੰਨੀ ਵੀ ਉਸ ਦੇ ਨਾਲ ਜਾ ਕੇ ਹਥਿਆਰ ਤੇ ਨਸ਼ੀਲੇ ਪਦਾਰਥ ਲੈ ਕੇ ਆਉਂਦਾ ਸੀ। ਅੱਜ ਉਹ ਇਕੱਲਾ ਸੀ। ਸੰਨੀ 1 ਜਨਵਰੀ ਨੂੰ ਬਟਾਲਾ ਵਿੱਚ ਹੋਏ ਕਤਲ ਕੇਸ ਵਿੱਚ ਵੀ ਲੋੜੀਂਦਾ ਸੀ।
ਨੌਜਵਾਨਾਂ ਨੂੰ ਇੰਝ ਜੋੜਦੇ ਆਪਣੇ ਨਾਲ: ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਐਕਸ 'ਤੇ ਦੱਸਿਆ ਕਿ ਰਿੰਦਾ ਅਤੇ ਉਸ ਦੇ ਸਾਥੀ ਪੂਰੀ ਯੋਜਨਾਬੰਦੀ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਨੈੱਟਵਰਕ ਵਿੱਚ ਸ਼ਾਮਲ ਕਰ ਰਹੇ ਹਨ। ਉਹ ਨੌਜਵਾਨਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਆਪਣੇ ਗਿਰੋਹ ਵਿੱਚ ਸ਼ਾਮਲ ਕਰਦਾ ਹੈ। ਇੱਥੋਂ ਤੱਕ ਕਿ ਉਨ੍ਹਾਂ ਦੇ ਖਾਤਿਆਂ ਵਿੱਚ ਪੈਸੇ ਵੀ ਪਾ ਦਿੰਦੇ ਹਨ। ਉਹ ਪਾਕਿਸਤਾਨ ਤੋਂ ਆਉਣ ਵਾਲੇ ਹਥਿਆਰਾਂ ਦੀ ਤਸਕਰੀ ਵੀ ਕਰਦੇ ਹਨ। ਹੁਣ ਤੱਕ 2 ਦਿਨਾਂ ਵਿੱਚ ਇਸ ਗਿਰੋਹ ਦੇ 4 ਸਾਥੀ ਫੜੇ ਜਾ ਚੁੱਕੇ ਹਨ। ਇਨ੍ਹਾਂ ਕੋਲੋਂ 4 ਪਿਸਤੌਲ ਅਤੇ 10 ਕਾਰਤੂਸ ਬਰਾਮਦ ਹੋਏ ਹਨ।