ਮੋਹਾਲੀ: ਪੰਜਾਬ ਦੇ ਸਕੂਲ ਅਤੇ ਕਾਲਜ ਅਧਿਆਪਕਾਂ ਦੀ ਕਮੀ ਨਾਲ ਜੂਝ ਰਹੇ ਹਨ। ਜਿਸ ਨੂੰ ਦੇਖਦੇ ਹੋਏ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਕ ਸਮਾਗਮ ਦੌਰਾਨ ਕਿਹਾ ਕਿ ਸੂਬੇ ਵਿਚ ਅਧਿਆਪਕਾਂ ਦੀ ਭਰਤੀ ਦਾ ਕੰਮ ਸਾਰੀਆਂ ਆਸਾਮੀਆਂ ਭਰੇ ਜਾਣ ਤੱਕ ਜਾਰੀ ਰਹੇਗਾ।
ਸਰਕਾਰ ਦਾ ਨਿਸ਼ਾਨਾ ਸਿੱਖਿਆ ਖੇਤਰ ਵਿੱਚ ਸੂਬਾ ਨੰਬਰ ਇੱਕ ਬਣਾਉਣਾ:ਪੰਜਾਬ ਸਰਕਾਰ ਦਾ ਨਿਸ਼ਾਨਾ ਸੂਬੇ ਨੂੰ ਸਿੱਖਿਆ ਦੇ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣਾ ਹੈ। ਇਹ ਪ੍ਰਗਟਾਵਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਸਿੱਖਿਆ ਵਿਭਾਗ ਦੇ ਮੁੱਖ ਦਫਤਰ ਮੋਹਾਲੀ ਵਿਖੇ ਵਿੱਚ ਕੀਤਾ। ਸਿੱਖਿਆ ਮੰਤਰੀ ਮੈਰੀਟੋਰੀਅਸ ਸਕੂਲਾਂ ਵਾਸਤੇ ਭਰਤੀ ਕੀਤੇ ਲੈਕਚਰਾਰਾਂ ਨੂੰ ਨਿਯੁਕਤੀ ਪੱਤਰ ਵੰਡ ਸਮਾਰੋਹ ਵਿੱਚ ਸ਼ਾਮਲ ਹੋਏ ਸੀ। ਬੈਂਸ ਨੇ ਕਿਹਾ ਕਿ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਇਨਕਲਾਬੀ ਤਬਦੀਲੀਆਂ ਲਿਆਉਣ ਵਾਸਤੇ ਯਤਨਸ਼ੀਲ ਹੈ। ਜਿਸ ਵਿੱਚ ਸਕੂਲਾਂ ਦੀਆਂ ਇਮਾਰਤਾਂ ਦੇ ਸੁੰਦਰੀਕਰਨ ਦੇ ਨਾਲ-ਨਾਲ ਸਿੱਖਿਆ ਦੀ ਗੁਣਵੱਤਾ ਦੇ ਸੁਧਾਰ ਵਾਸਤੇ ਵੀ ਯੋਜਨਾਬੰਦੀ ਕੀਤੀ ਗਈ ਹੈ।