ਮੋਹਾਲੀ: ਪਤਨੀ 'ਤੇ ਗੋਲੀ ਚਲਾਉਣ ਦੇ ਦੋਸ਼ਾਂ ਤੋਂ ਬਾਅਦ ਡੀਐਸਪੀ ਦੇ ਅਹੁਦੇ ਤੋਂ ਮੁਅੱਤਲ ਕੀਤੇ ਗਏ ਅਤੁਲ ਸੋਨੀ ਨੇ ਮੋਹਾਲੀ ਅਦਾਲਤ 'ਚ ਆਤਮ ਸਮਰਪਣ ਕਰ ਦਿੱਤਾ ਹੈ। ਅਦਾਲਤ ਨੇ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਦਰਅਸਲ, ਅਤੁਲ ਸੋਨੀ 'ਤੇ ਇਕ ਬਹਿਸ ਤੋਂ ਬਾਅਦ ਉਸ ਦੀ ਪਤਨੀ ਸੁਨੀਤਾ ਸੋਨੀ 'ਤੇ ਫਾਇਰਿੰਗ ਕਰਨ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ। ਸੋਨੀ ਨੇ 18 ਜਨਵਰੀ ਨੂੰ ਉਸ ਨੂੰ ਸੈਕਟਰ 26, ਚੰਡੀਗੜ੍ਹ ਵਿਖੇ ਇਕ ਲਾਊਜ ਬਾਰ ਵਿੱਚ ਧੱਕਾ ਦਿੱਤਾ ਸੀ, ਜਿਸ ਤੋਂ ਬਾਅਦ ਉਹ ਵੱਖਰੇ ਵਾਹਨਾਂ ਵਿੱਚ ਘਰ ਪਰਤੇ ਸਨ। ਘਰ ਪਹੁੰਚਣ 'ਤੇ ਉਨ੍ਹਾਂ ਨੇ ਮੁੜ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਅਤੇ ਗੁੱਸੇ ਵਿੱਚ ਆ ਕੇ ਸੋਨੀ ਨੇ ਕਥਿਤ ਤੌਰ 'ਤੇ ਉਸ 'ਤੇ ਪਿਸਤੌਲ ਨਾਲ ਗੋਲੀ ਮਾਰ ਦਿੱਤੀ, ਪਰ ਗੋਲੀ ਉਸ ਦੇ ਸਿਰ ਤੋਂ ਲੰਘ ਗਈ।
ਇਸ ਤੋਂ ਬਾਅਦ ਉਸ ਦੀ ਪਤਨੀ ਸੁਨੀਤਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਨੂੰ ਸੋਨੀ ਵੱਲੋਂ ਨਿਯਮਿਤ ਤੌਰ 'ਤੇ ਸਰੀਰਕ, ਭਾਵਨਾਤਮਕ ਅਤੇ ਮਾਨਸਿਕ ਤੌਰ 'ਤੇ ਤਸੀਹੇ ਦਿੱਤੇ ਜਾ ਰਹੇ ਸਨ। ਸੋਨੀ 'ਤੇ 19 ਜਨਵਰੀ ਨੂੰ ਆਪਣੀ ਪਤਨੀ ਸੁਨੀਤਾ ਸੋਨੀ 'ਤੇ ਮੁਹਾਲੀ ਦੇ ਸੈਕਟਰ -68 ਸਥਿਤ ਉਨ੍ਹਾਂ ਦੇ ਘਰ 'ਚ ਬਹਿਸ ਤੋਂ ਬਾਅਦ ਗੋਲੀ ਚਲਾਉਣ ਦਾ ਕੇਸ ਦਰਜ ਕੀਤਾ ਗਿਆ ਸੀ।