ਡੀਪੀਈ ਅਧਿਆਪਕਾਂ ਨੇ ਟੈਂਕੀ 'ਤੇ ਚੜ੍ਹ ਕੇ ਪੈਟਰੋਲ ਛਿੜਕ ਕੇ ਅੱਗ ਲਗਾਉਣ ਦੀ ਕੀਤੀ ਕੋਸ਼ਿਸ਼ ਮੋਹਾਲੀ: 'ਆਮ ਆਦਮੀ ਪਾਰਟੀ' ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਦੇ ਆਉਣ ਤੋਂ ਬਾਅਦ ਪੰਜਾਬ ਵਿੱਚ ਕੋਈ ਧਰਨਾ ਨਹੀਂ ਲੱਗੇਗਾ। ਪਰ ਪੰਜਾਬ ਵਿੱਚ ਧਰਨੇ ਪ੍ਰਦਰਸ਼ਨ ਲਗਾਤਾਰ ਲੱਗ ਰਹੇ ਹਨ। ਇਸੇ ਤਹਿਤ ਹੀ ਮੋਹਾਲੀ ਵਿੱਚ ਟੈਸਟ ਪਾਸ 168 ਡੀਪੀਈ ਅਧਿਆਪਕਾਂ ਨੇ ਨੌਕਰੀਆਂ ਉੱਤੇ ਜਾਣ ਲਈ ਪੱਤਰ ਨਾ ਦਿੱਤੇ ਜਾਣ ਉੱਤੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਜਿਸ ਦੌਰਾਨ ਹੀ ਕੁੱਝ ਡੀਪੀਈ ਅਧਿਆਪਕ ਟੈਂਕੀ 'ਤੇ ਚੜ੍ਹ ਗਏ। ਉਨ੍ਹਾਂ ਨੇ ਆਪਣੇ ਆਪ 'ਤੇ ਪੈਟਰੋਲ ਛਿੜਕ ਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ।
ਡੀ.ਐੱਸ.ਪੀ ਹਰਸਿਮਰਨ ਸਿੰਘ ਨੇ ਮੀਟਿੰਗ ਦਾ ਭਰੋਸਾ ਦਿੱਤਾ:-ਜਾਣਕਾਰੀ ਅਨੁਸਾਰ ਡੀਪੀਈ ਅਧਿਆਪਕਾਂ ਦੇ ਟੈਂਕੀ ਉੱਤੇ ਚੜ੍ਹਨ ਤੋਂ ਬਾਅਦ ਡੀ.ਐੱਸ.ਪੀ ਹਰਸਿਮਰਨ ਸਿੰਘ ਨੇ ਉਨ੍ਹਾਂ ਨੂੰ ਜ਼ਬਰਦਸਤੀ ਹੇਠਾਂ ਉੱਤਰਵਾਇਆ ਅਤੇ ਸਿੱਖਿਆ ਮੰਤਰੀ ਨਾਲ ਮੀਟਿੰਗ ਤੈਅ ਕਰਨ ਦਾ ਭਰੋਸਾ ਦਿੱਤਾ। ਇਸ ਦੌਰਾਨ ਹੀ ਟੈਂਕੀ ਤੋਂ ਉਤਾਰੇ ਕੁੱਝ ਡੀਪੀਈ ਅਧਿਆਪਕਾਂ ਨੂੰ ਮੋਹਾਲੀ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ।
ਧਰਨੇ ਦੌਰਾਨ ਕੁੱਝ ਵੀ ਹੁੰਦਾ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਜਿੰਮੇਵਾਰ:-ਇਸ ਦੌਰਾਨ ਗੱਲਬਾਤ ਕਰਦਿਆ ਡੀਪੀਈ ਅਧਿਆਪਕਾਂ ਦਾ ਕਹਿਣਾ ਹੈ ਕਿ ਅਸੀਂ ਸਾਰੇ ਟੈਸਟ ਪਾਸ ਕਰ ਚੁੱਕੇ ਹਾਂ। ਪਰ ਸਾਨੂੰ ਨੌਕਰੀ ਦੇ ਪੱਤਰ ਨਹੀਂ ਦਿੱਤੇ ਜਾ ਰਹੇ। ਡੀਪੀਈ ਅਧਿਆਪਕਾਂ ਨੇ ਕਿਹਾ ਅਸੀਂ ਇੰਨੀ ਠੰਢ ਵਿੱਚ ਬੈਠੇ ਹਾਂ। ਇੱਥੇ ਲੜਕੀਆਂ ਦਾ ਰਹਿਣਾ ਵੀ ਬਹੁਤ ਮੁਸ਼ਕਲ ਹੋ ਰਿਹਾ ਹੈ। ਉਨ੍ਹਾਂ ਕਿਹਾ ਜੇਕਰ ਧਰਨੇ ਦੌਰਾਨ ਸਾਨੂੰ ਕੁੱਝ ਵੀ ਹੁੰਦਾ ਹੈ ਤਾਂ ਇਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਅਤੇ ਪ੍ਰਸ਼ਾਸਨ ਦੀ ਹੋਵੇਗੀ। ਇਸ ਤੋਂ ਪਹਿਲਾਂ ਅਧਿਆਪਕਾਂ ਨੇ ਇੰਟਰਨੈਸ਼ਨਲ ਏਅਰਪੋਰਟ ਰੋਡ ਨੂੰ ਜਾਮ ਕਰ ਦਿੱਤਾ ਸੀ। ਜਿਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਪਰ ਲੋਕਾਂ ਵੱਲ ਵੀ ਧਿਆਨ ਦਿੰਦਿਆ ਹੁਣ ਉਹਨਾਂ ਨੇ ਇੱਥੇ ਧਰਨਾ ਲਗਾਇਆ ਹੈ।
ਡੀਪੀਈ ਅਧਿਆਪਕਾਂ ਦੀ ਮੰਗ:-ਡੀਪੀਈ ਅਧਿਆਪਕਾਂ ਨੇ ਕਿਹਾ ਕਿ ਅਸੀਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਮੈਡਲ ਜਿੱਤ ਚੁੱਕੇ ਹਾਂ। ਪਰ ਸਾਡੇ ਹਾਲਾਤ ਇਹ ਕਿਵੇਂ ਬਣ ਗਏ ਹਨ ਕਿ ਸਾਨੂੰ ਅਜਿਹੇ ਠੰਡੇ ਮੌਸਮ 'ਚ ਸੜਕਾਂ 'ਤੇ ਬੈਠ ਕੇ ਰਾਤਾਂ ਕੱਟਣੀਆਂ ਪੈ ਰਹੀਆਂ ਹਨ। ਅਸੀਂ ਮੰਗ ਕਰਦੇ ਹਾਂ ਕਿ ਸਾਨੂੰ ਨੌਕਰੀ ਪੱਤਰ ਦੇਖ ਕੇ ਡਿਊਟੀ ਉੱਤੇ ਭੇਜਿਆ ਜਾਵੇ। ਦੱਸ ਦੇਈਏ ਕਿ ਇਹ ਮੋਹਾਲੀ ਦੀ ਉਹੀ ਟੈਂਕੀ ਹੈ, ਜਿਸ ਦੇ ਹੇਠਾਂ ਤੋਂ ਪੌੜੀਆਂ ਟੁੱਟੀਆਂ ਹੋਈਆਂ ਸਨ। ਪਰ ਇਸ ਦੇ ਬਾਵਜੂਦ ਅਧਿਆਪਕ ਇਸ ਉੱਪਰ ਚੜ੍ਹ ਕੇ ਵਿਰੋਧ ਕਰ ਰਹੇ ਹਨ। ਅੱਜ ਟੈਂਕੀ ਉੱਤੇ ਚੜ੍ਹਨ ਵਾਲੇ 3 ਲੜਕਿਆਂ ਵਿੱਚੋਂ 2 ਨੂੰ ਪੌੜੀਆਂ ਦੀ ਮਦਦ ਨਾਲ ਹੇਠਾਂ ਲਿਆਂਦਾ ਗਿਆ।
ਇਹ ਵੀ ਪੜੋ:-ਸੁਖਬੀਰ ਬਾਦਲ ਖਿਲਾਫ FIR ਉੱਤੇ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਭੇਜਿਆ ਨੋਟਿਸ