ਐਸ ਏ ਐਸ ਨਗਰ: ਹਾੜ੍ਹੀ ਦੇ ਚੱਲ ਰਹੇ ਸੀਜ਼ਨ ਦੌਰਾਨ ਐਸ.ਏ.ਐਸ.ਨਗਰ ਵਿਖੇ ਖਰੀਦ ਕਾਰਜਾਂ ਦਾ ਜਾਇਜ਼ਾ ਲੈਂਦੇ ਹੋਏ ਡਾਇਰੈਕਟਰ ਫੂਡ ਸਪਲਾਈ ਅਨਿੰਦਿਤਾ ਮਿੱਤਰਾ ਨੇ ਆੜ੍ਹਤੀਆਂ ਸਮੇਤ ਸਾਰੀਆਂ ਖਰੀਦ ਏਜੰਸੀਆਂ ਦੇ ਨੁਮਾਇੰਦਿਆਂ ਅਤੇ ਹੋਰ ਭਾਈਵਾਲਾਂ ਨਾਲ ਗੱਲਬਾਤ ਕੀਤੀ ਅਤੇ ਦੱਸਿਆ ਕਿ ਜ਼ਿਲ੍ਹੇ ਵਿੱਚ ਖਰੀਦ ਪ੍ਰਕਿਰਿਆ ਸੁਚਾਰੂ ਢੰਗ ਨਾਲ ਚਲ ਰਹੀ ਹੈ।
ਅਨਿਦਿਤਾ ਮਿੱਤਰਾ ਨੇ ਕਿਹਾ ਕਿ ਕਰਫਿਊ ਪਾਸ ਪ੍ਰਣਾਲੀ ਨੂੰ ਲਾਗੂ ਕਰਨਾ, ਨਿਰਧਾਰਤ ਮੰਡੀਆਂ ਵਿੱਚ ਕਣਕ ਦੀ ਪਿੰਡ ਪੱਧਰੀ ਆਮਦ ਅਤੇ ਕੋਵਿਡ-19 ਪ੍ਰੋਟੋਕੋਲ ਦੀ ਪਾਲਣਾ ਸੰਤੁਸ਼ਟੀਜਨਕ ਹੈ। ਉਨ੍ਹਾਂ ਅੱਗੇ ਕਿਹਾ ਕਿ ਪ੍ਰਾਪਤ ਫੀਡਬੈਕ ਦੇ ਅਨੁਸਾਰ, ਪਾਸ ਸਿਸਟਮ ਬਹੁਤ ਸਫਲ ਰਿਹਾ ਹੈ। ਉਨ੍ਹਾਂ ਕਿਹਾ, “ਇਸ ਨੇ ਸਮਾਜਿਕ ਦੂਰੀ ਦੇ ਪ੍ਰੋਟੋਕੋਲ ਨੂੰ ਕਾਇਮ ਰੱਖਣ ਅਤੇ ਮੰਡੀਆਂ ਵਿੱਚ ਪਏ ਭੀੜ ਨੂੰ ਰੋਕਣ ਵਿੱਚ ਸਹਾਇਤਾ ਕੀਤੀ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਆੜ੍ਹਤੀਆਂ ਦੁਆਰਾ ਸਿੱਧੇ ਤੌਰ 'ਤੇ ਕਿਸਾਨਾਂ ਦੇ ਖਾਤਿਆਂ ਵਿੱਚ ਸੌ ਫੀਸਦੀ ਆਨਲਾਈਨ ਅਦਾਇਗੀ ਕੀਤੀ ਗਈ ਹੈ। ਡਾਇਰੈਕਟਰ ਫੂਡ ਸਪਲਾਈ ਨੇ ਕਿਹਾ ਕਿ ਨਕਦ ਲੈਣ-ਦੇਣ ਤੋਂ ਪਰਹੇਜ਼ ਕਰਨਾ ਅਤੇ ਕਿਸਾਨਾਂ ਦੇ ਖਾਤਿਆਂ ਵਿੱਚ ਆਨਲਾਈਨ ਭੁਗਤਾਨ ਕਰਨਾ ਸਮੇਂ ਦੀ ਲੋੜ ਹੈ ਕਿਉਂਕਿ ਇਹ ਆਰਥਿਕ ਸ਼ੋਸ਼ਣ ਨੂੰ ਰੋਕਦੀ ਹੈ ਅਤੇ ਕਿਸਾਨਾਂ ਨੂੰ ਘੱਟੋ ਘੱਟ ਸਮਰਥਨ ਮੁੱਲ ਤੋਂ ਘੱਟ ਅਦਾਇਗੀ ਤੋਂ ਬਚਾਉਂਦੀ ਹੈ।