ਪੰਜਾਬ

punjab

ਮੋਹਾਲੀ ਦੀ ਕੋਰੋਨਾ ਵਿਰੁੱਧ ਲੜਾਈ ਸਿਰਫ ਲੜਾਈ ਨਹੀਂ ਬਲਕਿ ਇੱਕ ਵੱਡੀ ਜੰਗ ਹੈ: ਸਿਵਲ ਸਰਜਨ

By

Published : Aug 2, 2020, 4:20 AM IST

ਸਿਵਲ ਸਰਜਨ ਮਨਜੀਤ ਸਿੰਘ ਨੇ ਕਿਹਾ ਕਿ ਮੋਹਾਲੀ ਜ਼ਿਲ੍ਹੇ ਵਿੱਚ ਚੁਣੌਤੀਆਂ ਦੂਜੇ ਜ਼ਿਲ੍ਹਿਆਂ ਨਾਲੋਂ ਕਿਤੇ ਵੱਧ ਹਨ। ਮੋਹਾਲੀ ਵਿੱਚ ਇੱਕ ਅੰਤਰਰਾਸ਼ਟਰੀ ਹਵਾਈ ਅੱਡਾ ਮੌਜੂਦ ਹੋਣ ਨਾਲ ਘਰੇਲੂ ਅਤੇ ਅੰਤਰਰਾਸ਼ਟਰੀ ਯਾਤਰੀਆਂ ਦੀ ਨਿਰੰਤਰ ਆਮਦ ਹੁੰਦੀ ਹੈ, ਜਿਸ ਨਾਲ ਮੋਹਾਲੀ ਦੀ ਕੋਰਨਾ ਵਾਇਰਸ ਵਿਰੁੱਧ ਲੜਾਈ ਸਿਰਫ ਲੜਾਈ ਨਹੀਂ, ਬਲਕਿ ਇੱਕ ਵੱਡੀ ਜੰਗ ਬਣ ਜਾਂਦੀ ਹੈ।

ਮੋਹਾਲੀ ਦੀ ਕੋਰੋਨਾ ਵਿਰੁੱਧ ਲੜਾਈ ਸਿਰਫ ਲੜਾਈ ਨਹੀਂ ਬਲਕਿ ਇੱਕ ਵੱਡੀ ਜੰਗ ਹੈ: ਸਿਵਲ ਸਰਜਨ
ਮੋਹਾਲੀ ਦੀ ਕੋਰੋਨਾ ਵਿਰੁੱਧ ਲੜਾਈ ਸਿਰਫ ਲੜਾਈ ਨਹੀਂ ਬਲਕਿ ਇੱਕ ਵੱਡੀ ਜੰਗ ਹੈ: ਸਿਵਲ ਸਰਜਨ

ਮੋਹਾਲੀ: ਸਿਵਲ ਸਰਜਨ ਮਨਜੀਤ ਸਿੰਘ ਨੇ ਕਿਹਾ ਕਿ ਸੂਬੇ ਭਰ ਦੇ ਸਾਰੇ ਜ਼ਿਲ੍ਹੇ ਘਾਤਕ ਕੋਰਨਾ ਵਾਇਰਸ ਸੰਕਟ ਨਾਲ ਲੜ ਰਹੇ ਹਨ। ਮੋਹਾਲੀ ਜ਼ਿਲ੍ਹੇ ਵਿੱਚ ਚੁਣੌਤੀਆਂ ਦੂਜੇ ਜ਼ਿਲ੍ਹਿਆਂ ਨਾਲੋਂ ਕਿਤੇ ਵੱਧ ਹਨ। ਉਨ੍ਹਾਂ ਕਿਹਾ ਕਿ ਟ੍ਰਾਈਸਿਟੀ ਦਾ ਇੱਕ ਅਨਿੱਖੜਵਾਂ ਅੰਗ ਹੋਣ ਕਰਕੇ, ਮੋਹਾਲੀ ਵਿੱਚ ਪੰਚਕੂਲਾ (ਹਰਿਆਣਾ), ਚੰਡੀਗੜ੍ਹ ਅਤੇ ਇਥੋਂ ਤੱਕ ਕਿ ਹਿਮਾਚਲ ਪ੍ਰਦੇਸ਼ ਤੋਂ ਵੀ ਲੋਕਾਂ ਦੀ ਲਗਾਤਾਰ ਆਮਦ ਹੁੰਦੀ ਰਹਿੰਦੀ ਹੈ। ਹੋਰ ਸੂਬਿਆਂ ਦੇ ਵੱਡੀ ਗਿਣਤੀ ਲੋਕ ਜਾਂ ਤਾਂ ਇੱਥੇ ਰਹਿੰਦੇ ਹਨ ਜਾਂ ਇਥੇ ਕੰਮ ਕਰਦੇ ਹਨ। ਇਸ ਲਈ, ਮੋਹਾਲੀ ਵਿੱਚ ਕੋਰੋਨਾ ਵਾਇਰਸ ਨੂੰ ਕਾਬੂ ਕਰਨ ਦਾ ਅਰਥ ਇਹ ਨਹੀਂ ਹੈ ਕਿ ਜ਼ਿਲ੍ਹੇ ਦੀ ਮੂਲ ਆਬਾਦੀ ਦੀ ਦੇਖਭਾਲ ਕੀਤੀ ਜਾਏ, ਬਲਕਿ ਗੁਆਂਢੀ ਸੂਬਿਆਂ ਦੀ ਕੋਵਿਡ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਵਿਆਪਕ ਰਣਨੀਤੀ ਦੀ ਜਰੂਰਤ ਹੈ।

ਮੋਹਾਲੀ ਵਿੱਚ ਇੱਕ ਅੰਤਰਰਾਸ਼ਟਰੀ ਹਵਾਈ ਅੱਡਾ ਮੌਜੂਦ ਹੋਣ ਨਾਲ ਘਰੇਲੂ ਅਤੇ ਅੰਤਰਰਾਸ਼ਟਰੀ ਯਾਤਰੀਆਂ ਦੀ ਨਿਰੰਤਰ ਆਮਦ ਹੁੰਦੀ ਹੈ, ਜਿਸ ਨਾਲ ਮੋਹਾਲੀ ਦੀ ਕੋਰਨਾ ਵਾਇਰਸ ਵਿਰੁੱਧ ਲੜਾਈ ਸਿਰਫ ਲੜਾਈ ਨਹੀਂ, ਬਲਕਿ ਇੱਕ ਵੱਡੀ ਜੰਗ ਬਣ ਜਾਂਦੀ ਹੈ। ਮੋਹਾਲੀ ਵਿਸਤ੍ਰਿਤ ਟੈਸਟਿੰਗ, ਟਰੇਸਿੰਗ ਅਤੇ ਮੋਨੀਟਰਿੰਗ, ਤੇਜ਼ ਪ੍ਰਤਿਕ੍ਰਿਆ, ਸਰਹੱਦਾਂ ‘ਤੇ ਸਖ਼ਤ ਚੌਕਸੀ ਅਤੇ ਨਾਗਰਿਕਾਂ ਨੂੰ ਲਗਾਤਾਰ ਮਨੁੱਖੀ ਸੰਪਰਕ ਦੇ ਖ਼ਤਰੇ ਬਾਰੇ ਜਾਣੂ ਕਰਵਾਉਂਦੇ ਰਹਿਣ ਸਮੇਤ ਕਈ ਚੁਣੌਤੀਆਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰ ਰਿਹਾ ਹੈ।

ਉਨ੍ਹਾਂ ਕਿਹਾ ਕਿ 2500 ਲੋਕਾਂ ਦੀ ਆਬਾਦੀ ਵਾਲੇ ਪਿੰਡ ਜਵਾਹਰਪੁਰ ਵਿੱਚ ਕੋਵਿਡ ਦੇ ਫੈਲਾਅ ਨੂੰ ਸਫਲਤਾਪੂਰਵਕ ਠੱਲ ਪਾ ਕੇ ਆਪਣੀ ਸੂਝਬੂਝ ਦਾ ਸਾਬੂਤ ਪੇਸ਼ ਕੀਤਾ ਹੈ ਜਿੱਥੇ 46 ਕੇਸ ਸਾਹਮਣੇ ਆਏ ਸਨ। ਹਰ 48 ਘੰਟਿਆਂ ਵਿੱਚ ਡਾਕਟਰੀ ਸਰਵੇ ਕੀਤਾ ਜਾਂਦਾ ਸੀ। ਲੱਛਣ ਵਾਲੇ ਮਰੀਜ਼ਾਂ ਨੂੰ ਤੇਜ਼ੀ ਨਾਲ ਇਕਾਂਤਵਾਸ ਕੀਤਾ ਦਿੱਤਾ ਗਿਆ, 350 ਪੀਸੀਆਰ ਟੈਸਟ ਅਤੇ 200 ਰੈਪਿਡ ਟੈਸਟ ਕੀਤੇ ਗਏ। ਉਨ੍ਹਾਂ ਪਿੰਡ ਨੂੰ ਕੰਟੇਨਮੈਂਟ ਜ਼ੋਨ ਵਿੱਚ ਤਬਦੀਲ ਕਰ ਦਿੱਤਾ, ਜੋ ਸੂਬੇ ਵਿੱਚ ਪਹਿਲੀ ਵਾਰ ਕੀਤਾ ਗਿਆ ਸੀ ਅਤੇ ਇਸ ਪ੍ਰਕਾਰ ਸਫਲਤਾਪੂਰਵਕ ਕੋਵਿਡ ਦੇ ਫੈਲਾਅ ਨੂੰ ਰੋਕਿਆ ਗਿਆ।

ਹੁਣ ਤੱਕ ਕੋਵਿਡ ਦੇ 351 ਐਕਟਿਵ ਕੇਸਾਂ ਨਾਲ ਕੁੱਲ ਕੇਸ 894 ਆਏ ਹਨ। 528 ਮਰੀਜ਼ ਸਫਲਤਾਪੂਰਵਕ ਠੀਕ ਹੋ ਗਏ ਹਨ, ਜਦਕਿ ਹੋਰਨਾਂ ਬਿਮਾਰੀਆਂ ਤੋਂ ਪੀੜਤ 15 ਮਰੀਜ਼ਾਂ ਦੀ ਮੌਤ ਹੋ ਗਈ ਹੈ। ਸਾਡੇ ਕੋਲ ਸਿਹਤ ਟੀਮਾਂ 24 ਘੰਟੇ ਕੰਮ ਕਰ ਰਹੀਆਂ ਹਨ ਅਤੇ ਰੋਜ਼ਾਨਾ 450 ਤੋਂ 500 ਦੇ ਨਮੂਨੇ ਲਏ ਜਾ ਰਹੇ ਹਨ ਜਦਕਿ 24,000 ਨਮੂਨਿਆਂ ਦੀ ਜਾਂਚ ਕੀਤੀ ਜਾ ਰਹੀ ਹੈ। 9 ਫਲੂ ਕਲੀਨਿਕ ਕਾਰਜਸ਼ੀਲ ਹਨ ਅਤੇ ਇਨ੍ਹਾਂ ਵਿੱਚ ਨਮੂਨੇ ਲੈਣ ਵਾਲੀਆਂ 18 ਟੀਮਾਂ ਕੰਮ ਕਰ ਰਹੀਆਂ ਹਨ। ਸਿਹਤ ਕਰਮਚਾਰੀ ਸ਼ਹਿਰ ਵਿੱਚ ਆਉਣ ਵਾਲੇ ਹਰੇਕ ਯਾਤਰੀ ਦੀ ਜਾਂਚ ਵੀ ਕਰ ਰਹੇ ਹਨ ਭਾਵੇਂ ਇਹ ਸੜਕ, ਰੇਲ ਜਾਂ ਹਵਾਈ ਜ਼ਰੀਏ ਆਉਣ। ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਿਹਤ ਵਿਭਾਗ ਦਾ ਪੂਰਾ ਸਮਰਥਨ ਕੀਤਾ ਜਾ ਰਿਹਾ ਹੈ ਅਤੇ ਨਗਰ ਨਿਗਮ/ਕਮੇਟੀਆਂ ਪੂਰਾ ਸਹਿਯੋਗ ਦੇ ਰਹੀਆਂ ਹਨ। ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਲੋੜੀਂਦੇ ਪ੍ਰਬੰਧਾਂ ਦੇ ਨਾਲ ਮੈਡੀਕਲ ਉਪਰਕਰਨਾਂ ਜਾਂ ਸਟਾਫ ਦੀ ਕੋਈ ਕਮੀ ਨਹੀਂ ਹੈ।ਸਿਵਲ ਸਰਜਨ ਨੇ ਕਿਹਾ ਕਿ ਲੜਾਈ ਸੰਘਰਸ਼ਪੂਰਨ ਹੈ, ਸ਼ਨੀਵਾਰ ਨੂੰ 44 ਕੇਸ ਸਾਹਮਣੇ ਆਏ ਹਨ ਪਰ ਅਸੀਂ ਆਪਣੀਆਂ ਅਣਥੱਕ ਕੋਸ਼ਿਸ਼ਾਂ ਜਾਰੀ ਰੱਖਾਂਗੇ।

ABOUT THE AUTHOR

...view details