ਮੋਹਾਲੀ:'ਆਪ' ਵੱਲੋਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਅਤੇ ਸ਼ਹੀਦ ਭਗਤ ਸਿੰਘ ਜੀ ਦੀ ਸੇਧ ਉੱਤੇ ਚੱਲਦਿਆ ਸਰਕਾਰ ਆਉਂਦਿਆ ਹੀ ਇਨ੍ਹਾਂ ਮਹਾਨ ਸਖ਼ਸੀਅਤਾਂ ਨੂੰ ਮਾਨ ਸਨਮਾਨ ਦਿੱਤਾ ਗਿਆ। ਇਸੇ ਤਹਿਤ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਕਾਰੀਆਂ ਨੂੰ ਇੱਥੇ ਕੌਮਾਂਤਰੀ ਹਵਾਈ ਅੱਡੇ ਨੇੜੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਅਤਿ-ਆਧੁਨਿਕ 5ਡੀ ਬੁੱਤ ਲਾਉਣ ਦੇ (5D statue Shaheed Bhagat Singh near Mohali airport) ਕੰਮ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਉਸ ਪ੍ਰਸਤਾਵਿਤ ਥਾਂ ਵੀ ਜਾਇਜ਼ਾ ਲਿਆ, ਜਿੱਥੇ ਇਹ ਅਤਿ-ਆਧੁਨਿਕ ਬੁੱਤ ਲਾਇਆ ਜਾਵੇਗਾ।
ਸਰਕਾਰ ਵੱਲੋਂ ਇਸ ਧਰਤੀ ਦੇ ਮਹਾਨ ਸਪੂਤ ਨੂੰ ਢੁੱਕਵੀਂ ਸ਼ਰਧਾਂਜਲੀ:-ਇਸ ਦੌਰਾਨ ਹੀ ਭਗਵੰਤ ਮਾਨ ਨੇ ਅਧਿਕਾਰੀਆਂ ਨੂੰ ਇਹ ਗੱਲ ਯਕੀਨੀ ਬਣਾਉਣ ਲਈ ਆਖਿਆ ਕਿ ਇਹ ਕੰਮ ਤੈਅ ਸਮੇਂ ਵਿੱਚ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਹ ਬੁੱਤ ਨੌਜਵਾਨ ਪੀੜ੍ਹੀਆਂ ਨੂੰ ਦੇਸ਼ ਦੀ ਨਿਰਸਵਾਰਥ ਸੇਵਾ ਲਈ ਪ੍ਰੇਰਿਤ ਕਰੇਗਾ। ਭਗਵੰਤ ਮਾਨ ਨੇ ਕਿਹਾ ਕਿ ਇਸ ਬੁੱਤ ਰਾਹੀਂ ਸੂਬਾ ਸਰਕਾਰ ਵੱਲੋਂ ਇਸ ਧਰਤੀ ਦੇ ਮਹਾਨ ਸਪੂਤ ਨੂੰ ਢੁੱਕਵੀਂ ਸ਼ਰਧਾਂਜਲੀ ਦਿੱਤੀ ਜਾਵੇਗੀ।
ਨੌਜਵਾਨਾਂ ਨੂੰ ਜਾਗਰੂਕ ਕਰਨ ਵਿੱਚ ਇਹ ਬੁੱਤ ਅਹਿਮ ਭੂਮਿਕਾ ਨਿਭਾਏਗਾ:-ਇਸ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਵਿਚਾਰਧਾਰਾ ਦੇਸ਼ ਨੂੰ ਦਰਪੇਸ਼ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਹਵਾਈ ਅੱਡੇ ਤੋਂ ਦੇਸ਼ ਤੇ ਵਿਦੇਸ਼ਾਂ ਵਿੱਚ ਸਫ਼ਰ ਕਰਦੇ ਪੰਜਾਬ ਦੇ ਨੌਜਵਾਨਾਂ ਨੂੰ ਸ਼ਹੀਦ ਦੀ ਮਹਾਨ ਵਿਰਾਸਤ ਬਾਰੇ ਜਾਗਰੂਕ ਕਰਨ ਵਿੱਚ ਇਹ ਬੁੱਤ ਅਹਿਮ ਭੂਮਿਕਾ ਨਿਭਾਏਗਾ। ਇਸ ਦੇ ਨਾਲ-ਨਾਲ ਇਹ ਬੁੱਤ ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਜੰਮੂ-ਕਸ਼ਮੀਰ ਅਤੇ ਹੋਰ ਸੂਬਿਆਂ ਦੇ ਯਾਤਰੀਆਂ ਨੂੰ ਵੀ ਇਸ ਨੌਜਵਾਨ ਕੌਮੀ ਨਾਇਕ ਵੱਲੋਂ ਦਿੱਤੇ ਮਹਾਨ ਬਲੀਦਾਨ ਬਾਰੇ ਚੇਤੇ ਕਰਵਾਏਗਾ।