ਮੋਹਾਲੀ: ਨਵੇਂ ਸਾਲ ਦੇ ਆਉਣ ਦੀ ਖੁਸ਼ੀ ਵਿੱਚ ਮੋਹਾਲੀ ਦੇ ਡਾਕਟਰ ਨੇ ਨਵੀਂ ਕਵਿਤਾ ਪੇਸ਼ ਕੀਤੀ ਹੈ ਜਿਸ ਰਾਹੀਂ ਉਨ੍ਹਾਂ ਨੇ ਨਵੇਂ ਤੇ ਸਿਹਤਮੰਦ ਪੰਜਾਬ ਦੀ ਕਾਮਨਾ ਕੀਤੀ। ਡਾਕਟਰ ਮਨਜੀਤ ਸਿੰਘ ਨੇ ਅਪਣੇ ਕਵਿਤਾ ਰਾਹੀਂ ਸਿਹਤ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਲੋਕ ਭਲਾਈ ਯੋਜਨਾਵਾਂ ਅਤੇ ਵੱਖ-ਵੱਖ ਬੀਮਾਰੀਆਂ ਦੇ ਇਲਾਜ ਅਤੇ ਬਚਾਅ ਬਾਬਤ ਲੋਕਾਂ ਨੂੰ ਜਾਗਰੂਕ ਕਰਨ ਦੀ ਨਿਵੇਕਲੀ ਕੋਸ਼ਿਸ਼ ਕੀਤੀ ਹੈ।
ਡਾ. ਮਨਜੀਤ ਸਿੰਘ ਨੇ ਕਿਹਾ, 'ਨਵੇਂ ਸਾਲ ਮੌਕੇ ਸਾਨੂੰ ਸਾਰਿਆਂ ਨੂੰ ਅਪਣੀਆਂ ਬਣਦੀਆਂ ਜ਼ਿੰਮੇਵਾਰੀਆਂ ਨੂੰ ਹੋਰ ਪਰਪੱਕਤਾ ਅਤੇ ਊਰਜਾ ਨਾਲ ਨਿਭਾਉਣ ਦਾ ਅਹਿਦ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਵਿਤਾ ਰਾਹੀਂ ਜਿੱਥੇ ਲੋਕਾਂ ਨੂੰ ਸਿਹਤ ਯੋਜਨਾਵਾਂ ਦਾ ਲਾਭ ਲੈਣ ਲਈ ਜਾਗਰੂਕ ਕਰਨ ਦੀ ਨਿੱਕੀ ਜਿਹੀ ਕੋਸ਼ਿਸ਼ ਕੀਤੀ ਹੈ, ਉੱਥੇ ਹੀ, ਸਿਹਤ ਕਾਮਿਆਂ ਨੂੰ ਵੀ ਨਵੇਂ ਸਾਲ ਵਿੱਚ ਨਵੇਂ ਜੋਸ਼ ਅਤੇ ਉਤਸ਼ਾਹ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ਹੈ।'
ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਮੈਡੀਕਲ ਕੈਂਪਾਂ, ਰੈਲੀਆਂ, ਸੈਮੀਨਾਰਾਂ, ਵਰਕਸ਼ਾਪਾਂ ਅਤੇ ਹੋਰ ਮੀਡੀਆਂ ਸਰਗਰਮੀਆਂ ਜ਼ਰੀਏ ਲੋਕਾਂ ਦੀ ਸਿਹਤ ਸਹੂਲਤਾਂ ਤਕ ਪਹੁੰਚ ਹੋਰ ਸੁਖਾਲੀ ਬਣਾਉਣ ਹਿੱਤ ਲਗਾਤਾਰ ਉਪਰਾਲੇ ਕਰਦਾ ਰਹਿੰਦਾ ਹੈ। ਕਵਿਤਾ ਵੀ ਇਕ ਤਰ੍ਹਾਂ ਨਾਲ ਲੋਕਾਂ ਨੂੰ ਇਹ ਸੁਨੇਹਾ ਦੇਣ ਦਾ ਜ਼ਰੀਆ ਹੈ ਕਿ ਉਹ ਸਿਹਤ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਹਾ ਕਿਵੇਂ ਲੈ ਸਕਦੇ ਹਨ ਅਤੇ ਡੇਂਗੂ, ਸਵਾਈਨ ਫਲੂ, ਤੰਬਾਕੂਨੋਸ਼ੀ, ਕੈਂਸਰ, ਹੈਪੇਟਾਇਟਸ, ਏਡਜ਼ ਜਿਹੀਆਂ ਜਾਨਲੇਵਾ ਬੀਮਾਰੀਆਂ ਤੋਂ ਕਿਵੇਂ ਬਚ ਸਕਦੇ ਹਨ। ਸਿਵਲ ਸਰਜਨ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਕਵਿਤਾ ਵਿੱਚ ਸਿਹਤ ਵਿਭਾਗ ਦੇ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਿਕਰ ਕੀਤਾ ਹੈ ਤਾਂ ਕਿ ਲੋਕਾਂ ਨੂੰ ਇਨ੍ਹਾਂ ਪ੍ਰੋਗਰਾਮਾਂ ਬਾਰੇ ਜਾਣਕਾਰੀ ਮਿਲ ਸਕੇ। ਇਸ ਤੋਂ ਇਲਾਵਾ ਸਮੁੱਚੇ ਸਿਹਤ ਅਮਲੇ ਨੂੰ ਹੋਰ ਤਨਦੇਹੀ, ਈਮਾਨਦਾਰੀ ਅਤੇ ਮਿਹਨਤ ਨਾਲ ਕੰਮ ਕਰਦਿਆਂ ਲੋਕਾਂ ਨੂੰ ਮਿਆਰੀ ਅਤੇ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਹੱਲਾਸ਼ੇਰੀ ਦਿੱਤੀ ਹੈ।