ਮੋਹਾਲੀ: ਚੀਨ ਅਤੇ ਪਾਕਿਸਤਾਨ ਦੋਵਾਂ ਦੇਸ਼ਾਂ ਤੋਂ ਖ਼ਤਰੇ ਦੀ ਚਿਤਾਵਨੀ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਪੰਜਾਬ ਸਰਹੱਦਾਂ 'ਤੇ ਦੁਸ਼ਮਣ ਨਾਲ ਲੜਾਈ ਵਿੱਚ ਹਮੇਸ਼ਾ ਮੋਹਰੀ ਰਿਹਾ ਹੈ।
ਭਾਰਤ ਕਿਸੇ ਵੀ ਖ਼ਤਰੇ ਨਾਲ ਨਜਿੱਠਣ ਲਈ ਹਮੇਸ਼ਾ ਤਿਆਰ
ਆਜ਼ਾਦੀ ਦਿਹਾੜੇ ਮੌਕੇ ਕੌਮੀ ਤਿਰੰਗਾ ਲਹਿਰਾਉਣ ਉਪਰੰਤ ਮੁੱਖ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਰਹੱਦਾਂ 'ਤੇ ਵੱਧ ਰਹੇ ਤਨਾਅ ਕਰਕੇ ਭਾਰਤ ਕਿਸੇ ਵੀ ਖ਼ਤਰੇ ਨਾਲ ਨਜਿੱਠਣ ਲਈ ਹਮੇਸ਼ਾ ਤਿਆਰ ਰਿਹਾ ਹੈ। ਹਾਲ ਹੀ ਵਿੱਚ ਚੀਨੀ ਸੈਨਿਕਾਂ ਵੱਲੋਂ ਭਾਰਤੀ ਜਵਾਨਾਂ 'ਤੇ ਕੀਤੇ ਗਏ ਵਹਿਸ਼ੀ ਹਮਲੇ ਨੂੰ ਚੇਤੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਹਰ ਰੋਜ਼ ਫਾਇਰਿੰਗ ਕਰ ਰਿਹਾ ਹੈ ਜਦ ਕਿ ਦੂਜੇ ਪਾਸੇ ਚੀਨ ਗੱਲ ਤਾਂ ਦੋਸਤੀ ਦੀ ਕਰਦਾ ਹੈ ਪਰ ਅਸਲ ਵਿੱਚ ਸਾਡੀ ਕੌਮ ਲਈ ਖ਼ਤਰਾ ਬਣਿਆ ਹੋਇਆ ਹੈ। ਭਾਰਤ ਨੇ ਪਾਕਿਸਤਾਨ ਨੂੰ ਹਮੇਸ਼ਾ ਢੁੱਕਵਾਂ ਜਵਾਬ ਦਿੱਤਾ ਹੈ ਜੋ ਕਿ ਇਨ੍ਹਾਂ ਨਾਲ ਨਜਿੱਠਣ ਦਾ ਇੱਕੋਂ-ਇੱਕ ਤਰੀਕਾ ਹੈ, ਮੁੱਖ ਮੰਤਰੀ ਨੇ ਨਾਲ ਹੀ ਕਿਹਾ ਕਿ ਚੀਨ ਨਾਲ ਵੀ ਸਖ਼ਤੀ ਨਾਲ ਨਜਿੱਠਣ ਦੀ ਜ਼ਰੂਰਤ ਹੈ।
ਪੰਜਾਬੀ ਹਰ ਜੰਗ ਵਿੱਚ ਮੋਹਰੀ
ਲੱਖਾਂ ਭਾਰਤੀਆਂ ਵੱਲੋਂ ਆਜ਼ਾਦੀ ਅੰਦੋਲਨ ਵਿੱਚ ਪਾਏ ਯੋਗਦਾਨ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀ ਹਰ ਜੰਗ ਵਿੱਚ ਮੋਹਰੀ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਲੇ ਪਾਣੀ (ਅੰਡੇਮਾਨ ਟਾਪੂ) ਵਿਚਲੀ ਸੈਲੂਲਰ ਜੇਲ੍ਹ ਵਿਖੇ ਉਕਰੇ ਹਜ਼ਾਰਾਂ ਪੰਜਾਬੀਆਂ ਦੇ ਨਾਂਅ ਉਨ੍ਹਾਂ ਦੇ ਅਮਰ ਹੋਣ ਦੀ ਗਵਾਹੀ ਭਰਦੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਕੋਵਿਡ-19 ਮਹਾਂਮਾਰੀ ਕਾਰਨ ਆਜ਼ਾਦੀ ਦਿਹਾੜੇ ਦੇ ਸਮਾਗਮ ਇਸ ਸਾਲ ਪਿਛਲੇ ਸਾਲਾਂ ਦੇ ਮੁਕਾਬਲੇ ਥੋੜੇ ਸੰਖੇਪ ਹਨ ਪਰ ਇਹ ਸਮਾਂ ਉਨ੍ਹਾਂ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਦਾ ਹੈ ਜਿਨ੍ਹਾਂ ਸਦਕਾ ਸਾਨੂੰ ਆਜ਼ਾਦੀ ਹਾਸਲ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਸਮਾਂ ਮੁਲਕ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੀਆਂ ਰੱਖਿਆ ਸੈਨਾਵਾਂ ਨੂੰ ਸਲਾਮ ਕਰਨ ਦਾ ਵੀ ਹੈ।