ਮੋਹਾਲੀ: ਚੰਡੀਗੜ੍ਹ ਯੂਨੀਵਰਸਿਟੀ ਘੜੂੰਆ 'ਚ ਇਤਰਾਜ਼ਯੋਗ ਵਾਇਰਲ ਵੀਡੀਓ (Chandigarh University alleged video leaked case) ਨੂੰ ਲੈ ਕੇ ਪਿਛਲੇ 2 ਦਿਨਾਂ ਤੋਂ ਲਗਾਤਾਰ ਘਟਨਾਵਾਂ ਦਾ ਸਿਲਸਿਲਾ ਜਾਰੀ ਹੈ। ਇੱਥੇ ਕਈ ਵਿਦਿਆਰਥੀ ਜਿਨ੍ਹਾਂ 'ਚ ਲੜਕੇ-ਲੜਕੀਆਂ ਸ਼ਾਮਲ ਹਨ, ਉਹ ਘਰ ਵਾਪਸ ਜਾ ਰਹੇ ਹਨ। ਦੱਸ ਦਈਏ ਕਿ ਯੂਨੀਵਰਸਿਟੀ ਪ੍ਰਬੰਧਕਾਂ ਵੱਲੋਂ ਇਕ ਹਫ਼ਤੇ ਲਈ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਗਰਲਜ਼ ਹੋਸਟਲ ਐਲਈ ਦੇ 2ਵਾਰਡਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੋਹਾਲੀ ਤੋਂ ਸੀਆਈਏ ਸਟਾਫ਼ ਦਾ ਆਉਣਾ-ਜਾਣਾ ਜਾਰੀ ਹੈ, ਜਿਸ ਕਾਰਨ ਟੀਮ ਇੱਥੇ ਪਹੁੰਚੀ ਹੈ।
ਲੜਕੀਆਂ ਨੂੰ ਵਿਦੇਸ਼ੀ ਨੰਬਰਾਂ ਤੋਂ ਮਿਲ ਰਹੀਆਂ ਧਮਕੀਆਂ ! :ਮੋਹਾਲੀ ਐਮਐਮਐਸ ਮਾਮਲੇ ਵਿੱਚ, ਕੁਝ ਕੁੜੀਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਕੈਨੇਡਾ ਦੇ ਮੈਨੀਟੋਬਾ ਵਿੱਚ ਵਿਦੇਸ਼ੀ ਨੰਬਰ +1 (204) 819-9002 ਤੋਂ ਧਮਕੀ ਭਰੀਆਂ ਕਾਲਾਂ ਆ ਰਹੀਆਂ ਹਨ ਅਤੇ ਕਾਲ ਕਰਨ ਵਾਲਾ ਲੜਕੀਆਂ ਨੂੰ ਧਮਕੀਆਂ ਦੇ ਰਿਹਾ ਹੈ ਅਤੇ ਉਨ੍ਹਾਂ ਨੂੰ ਚੁੱਪ ਰਹਿਣ ਲਈ ਕਹਿ ਰਿਹਾ ਹੈ। ਅਜਿਹਾ ਨਾ ਕਰਨ 'ਤੇ ਵੀਡੀਓ ਵਾਇਰਲ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਜਿਨ੍ਹਾਂ ਕੁੜੀਆਂ ਨੂੰ ਅਜਿਹੀਆਂ ਕਾਲਾਂ ਆ ਰਹੀਆਂ ਹਨ, ਉਹ ਫਿਲਹਾਲ ਪੁਲਿਸ ਅਤੇ ਮੀਡੀਆ ਦੇ ਸਾਹਮਣੇ ਆਉਣ ਤੋਂ ਪਰਹੇਜ਼ ਕਰ ਰਹੀਆਂ ਹਨ।
ਤਿੰਨ ਮੈਂਬਰੀ ਮਹਿਲਾ SIT ਦਾ ਗਠਨ :ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀਆਂ ਹਦਾਇਤਾਂ 'ਤੇ ਚੰਡੀਗੜ੍ਹ ਯੂਨੀਵਰਸਿਟੀ ਮਾਮਲੇ ਦੀ ਜਾਂਚ ਲਈ ਸੀਨੀਅਰ ਆਈਪੀਐਸ ਅਧਿਕਾਰੀ ਗੁਰਪ੍ਰੀਤ ਕੌਰ ਦੇਵ ਦੀ ਨਿਗਰਾਨੀ ਹੇਠ ਤਿੰਨ ਮੈਂਬਰੀ ਮਹਿਲਾ ਐਸਆਈਟੀ ਦਾ ਗਠਨ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਇੱਕ ਵਿਦਿਆਰਥੀ ਅਤੇ ਦੋ ਹੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਨੇ ਹਿਮਾਚਲ ਦੇ ਡੀਜੀਪੀ ਅਤੇ ਪੁਲਿਸ ਦਾ ਇਸ ਮਾਮਲੇ ਵਿੱਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ।
ਉਨ੍ਹਾਂ ਕਿਹਾ ਕਿ ਇਲੈਕਟ੍ਰਾਨਿਕ ਉਪਕਰਨਾਂ ਨੂੰ ਜ਼ਬਤ ਕਰਕੇ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ। SIT ਸਾਜ਼ਿਸ਼ ਦੀ ਤਹਿ ਤੱਕ ਪਹੁੰਚੇਗੀ। ਜੇਕਰ ਕੋਈ ਵੀ ਦੋਸ਼ੀ ਪਾਇਆ ਗਿਆ ਤਾਂ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਸਾਰਿਆਂ ਨੂੰ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਦੀ ਅਪੀਲ। ਉਨ੍ਹਾਂ ਕਿਹਾ ਕਿ ਬੇਬੁਨਿਆਦ ਅਫਵਾਹਾਂ ਵਿੱਚ ਨਾ ਫਸੋ, ਆਉ ਮਿਲ ਕੇ ਸਮਾਜ ਵਿੱਚ ਸ਼ਾਂਤੀ ਲਈ ਕੰਮ ਕਰੀਏ।