ਮੋਹਾਲੀ:ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ 15 ਸਤੰਬਰ ਨੂੰ ਦੁਸਹਿਰਾ ਗਰਾਊਂਡ ਫ਼ੇਜ਼-8 ਤੋਂ ਰੈਲੀ ਕਰਨ ਦੀ ਪ੍ਰਵਾਨਗੀ ਮੰਗਣ ਲਈ ਆਈ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ।
ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ‘ਕਸ਼ਮੀਰੀ ਲੋਕਾਂ ਦੇ ਸੰਘਰਸ਼ ਦੀ ਹਮਾਇਤ’ ਵਿੱਚ ਹੋ ਰਹੀ ਇਸ ਰੈਲੀ ਲਈ 13 ਸਤੰਬਰ 2019 ਨੂੰ ਈ-ਮੇਲ ਰਾਹੀਂ ਅਰਜ਼ੀ ਭੇਜੀ ਸੀ। ਇਹ ਰੈਲੀ 15 ਸਤੰਬਰ 2019 ਨੂੰ ਸਵੇਰੇ 11 ਤੋਂ ਸ਼ਾਮੀਂ 4 ਵਜੇ ਤੱਕ ਦੁਸਹਿਰਾ ਗਰਾਊਂਡ ਤੋਂ ਯੂ.ਟੀ. ਚੰਡੀਗੜ੍ਹ ਤੱਕ ਕਰਨ ਦੀ ਤਜਵੀਜ਼ ਸੀ, ਜਿਸ ਵਿੱਚ 7500 ਪੁਰਸ਼, 500 ਔਰਤਾਂ ਅਤੇ 100 ਦੇ ਕਰੀਬ ਬੱਚਿਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਪ੍ਰਗਟਾਈ ਗਈ ਸੀ।
ਦਿਆਲਨ ਨੇ ਕਿਹਾ ਕਿ ਪ੍ਰਸ਼ਾਸਨ ਨੇ ਮਾਣਯੋਗ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਅਤੇ ਪੰਜਾਬ ਸਰਕਾਰ ਦੀ ਐਡਵਾਈਜ਼ਰੀ ਦੇ ਸੰਦਰਭ ਵਿੱਚ ਇਸ ਅਰਜ਼ੀ ਉਤੇ ਵਿਚਾਰ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਵਿੱਚ ਸਪਸ਼ਟ ਹੈ ਕਿ ਅਜਿਹੀ ਪ੍ਰਵਾਨਗੀ ਲਈ ਘੱਟੋ-ਘੱਟ 7 ਦਿਨ ਪਹਿਲਾਂ ਬਿਨੈ ਕਰਨਾ ਜ਼ਰੂਰੀ ਹੈ। ਮੌਜੂਦਾ ਅਰਜ਼ੀ ਬਹੁਤ ਦੇਰੀ ਨਾਲ ਪ੍ਰਾਪਤ ਹੋਈ ਪਰ ਫਿਰ ਵੀ ਵੱਖ ਵੱਖ ਵਿਭਾਗਾਂ ਤੋਂ ਰਿਪੋਰਟ ਮੰਗੀ ਗਈ। ਸਮੇਂ ਦੀ ਘਾਟ ਕਾਰਨ ਸਾਰੇ ਵਿਭਾਗਾਂ ਤੋਂ ਰਿਪੋਰਟਾਂ ਪ੍ਰਾਪਤ ਨਹੀਂ ਹੋ ਸਕੀਆਂ।