ਮੋਹਾਲੀ: ਬਲਵੰਤ ਸਿੰਘ ਮੁਲਤਾਨੀ ਮਾਮਲੇ 'ਚ ਪੁਲਿਸ ਜਾਂਚ ਵਿੱਚ ਸ਼ਾਮਲ ਹੋਣ ਲਈ ਸਾਬਕਾ ਡੀਜੀਪੀ ਸੁਮੇਧ ਸੈਣੀ ਅੱਜ ਐਸਆਈਟੀ ਅੱਗੇ ਪੇਸ਼ ਹੋਏ।
ਬਲਵੰਤ ਸਿੰਘ ਮੁਲਤਾਨੀ ਮਾਮਲਾ: ਸਾਬਕਾ ਡੀਜੀਪੀ ਸੁਮੇਧ ਸੈਣੀ ਐਸਆਈਟੀ ਅੱਗੇ ਹੋਏ ਪੇਸ਼
ਬਲਵੰਤ ਸਿੰਘ ਮੁਲਤਾਨੀ ਮਾਮਲੇ 'ਚ ਪੁਲਿਸ ਜਾਂਚ ਵਿੱਚ ਸ਼ਾਮਲ ਹੋਣ ਲਈ ਸਾਬਕਾ ਡੀਜੀਪੀ ਸੁਮੇਧ ਸੈਣੀ ਅੱਜ ਐਸਆਈਟੀ ਅੱਗੇ ਪੇਸ਼ ਹੋਏ। ਸੁਮੇਧ ਸੈਣੀ ਆਪਣੀ ਵਕੀਲਾਂ ਨਾਲ ਮਟੌਰ ਥਾਣੇ ਪੁੱਜੇ, ਜਿਥੇ ਐਸਆਈਟੀ ਦੇ ਅਧਿਕਾਰੀਆਂ ਨੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ।
ਸੁਮੇਧ ਸੈਣੀ ਆਪਣੇ ਵਕੀਲਾਂ ਸਣੇ ਕੜੀ ਸੁਰੱਖਿਆ ਵਿੱਚ ਤਕਰੀਬਨ ਸਵੇਰੇ 11 ਕੁ ਵਜੇ ਮਟੌਰ ਥਾਣੇ 'ਚ ਐਸਆਈਟੀ ਅੱਗੇ ਪੇਸ਼ ਹੋਏ। ਥਾਣੇ ਵਿੱਚ ਐਸਆਈਟੀ (ਸਿੱਟ) ਦੇ ਮੁਖੀ ਤੇ ਐਸਪੀਡੀ ਅਧਿਕਾਰੀ ਹਰਮਨਦੀਪ ਸਿੰਘ ਹਾਂਸ ਸਣੇ ਡੀਐਸਪੀ (ਡੀ) ਬਿਕਰਮਜੀਤ ਸਿੰਘ ਬਰਾੜ ਤੇ ਥਾਣਾ ਮੁਖੀ ਰਾਜੀਵ ਕੁਮਾਰ ਹਾਜ਼ਰ ਸਨ। ਤਿੰਨਾਂ ਅਧਿਕਾਰੀਆਂ ਨੇ ਸੁਮੇਧ ਸੈਣੀ ਕੋਲੋਂ ਮਾਮਲੇ ਸਬੰਧੀ ਪੁੱਛਗਿੱਛ ਕੀਤੀ।
ਹਾਲਾਂਕਿ ਇਸ ਤੋਂ ਪਹਿਲਾਂ ਸੁਮੇਧ ਸੈਣੀ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਚਾਰ ਵਾਰ ਨੋਟਿਸ ਭੇਜਿਆ ਗਿਆ ਸੀ, ਪਰ ਉਹ ਮਹਿਜ਼ ਦੋ ਵਾਰ ਹੀ ਸਿੱਟ ਅੱਗੇ ਪੇਸ਼ ਹੋਏ ਹਨ। ਫਿਲਹਾਲ ਐਸਆਈਟੀ ਵੱਲੋਂ ਸੈਣੀ ਤੋਂ ਲਗਾਤਾਰ ਪੁੱਛਗਿੱਛ ਜਾਰੀ ਹੈ। ਇਸ ਦੌਰਾਨ ਸੈਣੀ ਮੀਡੀਆ ਦੇ ਸਵਾਲਾਂ ਤੋਂ ਬਚਦੇ ਨਜ਼ਰ ਆਏ। ਸੁਮੇਧ ਸਿੰਘ ਸੈਣੀ ਨੇ ਕਿਹਾ ਕਿ ਅਜੇ ਇਸ ਸਬੰਧੀ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦੇ ਸਕਦੇ ਪਰ ਇੱਕ ਦਿਨ ਉਹ ਸਾਰੇ ਸਵਾਲਾਂ ਦਾ ਜਵਾਬ ਜ਼ਰੂਰ ਦੇਣਗੇ।