ਮੁਹਾਲੀ: ਪੰਜਾਬ ਪੁਲਿਸ ਵਲੋਂ ਨਸ਼ਿਆਂ ਅਤੇ ਵਾਰਦਾਤਾਂ ਨੂੰ ਰੋਕਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੇ ਚੱਲਦਿਆਂ ਪੁਲਿਸ ਵਲੋਂ ਸੂਬੇ 'ਚ ਵੱਖ-ਵੱਖ ਥਾਵਾਂ 'ਤੇ ਨਾਕੇ ਵੀ ਲਗਾਏ ਜਾ ਰਹੇ ਹਨ। ਇਸ ਦੇ ਚੱਲਦਿਆਂ ਪੁਲਿਸ ਵਲੋਂ ਬਲੌਂਗੀ 'ਚ ਵੀ ਨਾਕਾ ਲਗਾ ਕੇ ਕਾਰ ਸਵਾਰ ਨੌਜਵਾਨਾਂ ਨੂੰ ਗੈਰ ਕਾਨੂੰਨੀ ਹਥਿਆਰਾਂ ਸਮੇਤ ਕਾਬੂ ਕੀਤਾ ਹੈ।
ਇਸ ਸਬੰਧੀ ਮੁਹਾਲੀ ਦੇ ਐਸ.ਐਸ.ਪੀ ਵਿਵੇਕਸ਼ੀਲ ਸੋਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲੌਂਗੀ 'ਚ ਪੁਲਿਸ ਵਲੋਂ ਨਾਕਾ ਲਗਾਇਆ ਹੋਇਆ ਸੀ ਅਤੇ ਜਦੋਂ ਉਨ੍ਹਾਂ ਵਲੋਂ ਇਕ ਕਾਰ ਨੂੰ ਰੋਕਿਆ ਗਿਆ ਤਾਂ ਕਾਰ ਸਵਾਰਾਂ ਵਲੋਂ ਕਾਰ ਭਜਾ ਲਈ ਗਈ।
ਉਨ੍ਹਾਂ ਦੱਸਿਆ ਕਿ ਜਦੋਂ ਕਾਰ ਦਾ ਪਿੱਛਾ ਕਰਕੇ ਉਸ ਨੂੰ ਰੋਕ ਕੇ ਜਾਂਚ ਕੀਤੀ ਗਈ ਤਾਂ ਉਸ 'ਚ ਤਿੰਨ ਨੌਜਵਾਨ ਸਿਮਰਨਜੀਤ ਸਿੰਘ, ਗੁਰੂ ਪ੍ਰਤਾਪ ਸਿੰਘ ਅਤੇ ਜਸਮੀਤ ਸਿੰਘ ਸੀ, ਜਿੰਨ੍ਹਾਂ ਕੋਲੋਂ ਬੱਤੀ ਬੋਰ ਦਾ ਪਿਸਤੌਲ, 14 ਜ਼ਿੰਦਾ ਕਾਰਤੂਸ ਅਤੇ 6 ਮੈਗਜ਼ੀਨ ਬਰਾਮਦ ਹੋਏ ਸਨ। ਪੁਲਿਸ ਵਲੋਂ ਉਕਤ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਕਾਰ ਨੂੰ ਵੀ ਕਬਜ਼ੇ 'ਚ ਲੈ ਲਿਆ ਗਿਆ ਸੀ।