ਮੋਹਾਲੀ: ਪੰਜਾਬ ਵਿੱਚ ਕੋਈ ਸਮਾਂ ਹੁੰਦਾ ਸੀ, ਜਦੋਂ ਕਿਸੇ ਅੱਤਵਾਦ ਦਾ ਮੁਕਾਬਲਾ ਕਰਨਾ ਹੁੰਦਾ ਸੀ ਤਾਂ ਪੁਲਿਸ ਦੇ ਨਾਲ-ਨਾਲ ਮਿਲਟਰੀ ਦੀ ਫੌਜ ਵੀ ਨਾਲ ਆ ਕੇ ਖੜਦੀ ਸੀ। ਉਨ੍ਹਾਂ ਕੋਲ ਬਖ਼ਤਰਬੰਦ ਗੱਡੀਆਂ ਤੋਂ ਲੈ ਕੇ ਬੁਲੇਟ ਪਰੂਫ ਟਰੈਕਟਰ ਤੱਕ ਹੁੰਦੇ ਸਨ। ਅਜਿਹੇ ਹੀ ਬਖ਼ਤਰਬੰਦ ਟਰੈਕਟਰ ਅੱਜ ਮੋਹਾਲੀ ਵਿੱਚ ਚੱਲ ਰਹੇ ਸਿੱਖ ਜਥੇਬੰਦੀਆਂ ਵੱਲੋਂ ਇਨਸਾਫ ਮੋਰਚੇ ਤਹਿਤ ਧਰਨੇ ਵਾਲੀ ਥਾਂ ਉੱਤੇ ਖੜ੍ਹੇ ਕੀਤੇ ਗਏ ਹਨ।
ਇਸ ਤੋਂ ਪਹਿਲਾਂ ਪੁਲਿਸ ਤੇ ਸਿੱਖ ਜੱਥੇਬੰਦੀਆਂ ਵਿਚਾਲੇ ਹੋ ਚੁੱਕਾ ਟਾਕਰਾ : ਬੀਤੀ 8 ਫ਼ਰਵਰੀ ਨੂੰ ਇਨਸਾਫ ਮੋਰਚੇ ਤਹਿਤ ਧਰਨੇ ਉੱਤੇ ਬੈਠੇ ਸਿੱਖ ਜੱਥੇਬੰਦੀਆਂ ਅਤੇ ਪੁਲਿਸ ਆਹਮੋ ਸਾਹਮਣੇ ਹੋ ਗਏ। ਇਸ ਝੜਪ ਦੌਰਾਨ ਕਈ ਪੁਲਿਸ ਮੁਲਾਜ਼ਮ ਜਖ਼ਮੀ ਵੀ ਹੋਏ। ਜ਼ਿਕਰਯੋਗ ਹੈ ਕਿ ਮੋਹਾਲੀ-ਚੰਡੀਗੜ੍ਹ ਬਾਰਡਰ ਉਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਹੈ। ਮੋਰਚੇ ਵਿਚ ਸ਼ਾਮਲ ਸੰਗਤ ਨੇ ਕਿਹਾ ਹੈ ਕਿ ਜਦੋਂ ਤੱਕ ਸਰਕਾਰ ਕੋਈ ਫੈਸਲਾ ਨਹੀਂ ਕਰਦੀ ਅਤੇ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਕਰਦੀ ਇਹ ਮੋਰਚਾ ਇਸੇ ਤਰ੍ਹਾਂ ਜਾਰੀ ਰਹੇਗਾ। ਸੰਗਤ ਨੇ ਸਰਕਾਰ ਨੂੰ ਬਿਨ੍ਹਾਂ ਦੇਰੀ ਇਸ ਮਾਮਲੇ ਨੂੰ ਸੁਲਝਾਉਣ ਦੀ ਬੇਨਤੀ ਵੀ ਕੀਤੀ ਹੈ।
ਮੋਹਾਲੀ ਧਰਨੇ ਵਾਲੀ ਥਾਂ 'ਤੇ ਬਖ਼ਤਰਬੰਦ ਗੱਡੀਆਂ : ਇਹ ਬਖ਼ਤਰਬੰਦ ਗੱਡੀਆਂ ਅਤੇ ਟਰੈਕਟਰ 2017 ਵਿੱਚ ਤਿਆਰ ਕੀਤੇ ਗਏ ਹਨ। ਇਸ ਵਿੱਚ 17 ਟਰੈਕਟਰ ਅਤੇ 24 ਸਕਾਰਪੀਓ ਗੱਡੀਆਂ ਸ਼ਾਮਲ ਹਨ, ਜੋ ਬੁਲੇਟ ਪਰੂਫ ਹਨ। ਇਨ੍ਹਾਂ ਨੂੰ ਤਿਆਰ ਕਰਨ ਲਈ ਕਰੀਬ 47 ਲੱਖ ਦੀ ਲਾਗਤ ਆਈ ਹੈ। ਪੰਜਾਬ ਵਿੱਚ ਕਈ ਥਾਂ ਗੈਂਗਵਾਰ ਦੀ ਗੱਲ ਕੀਤੀ ਜਾਵੇ ਤਾਂ, ਉਸ ਖਿਲਾਫ ਲੜਨ ਲਈ ਇਨ੍ਹਾਂ ਟਰੈਕਟਰ-ਗੱਡੀਆਂ ਦੀ ਵਰਤੋਂ ਕੀਤੀ ਜਾਂਦੀ ਹੈ।