ਚੰਡੀਗੜ੍ਹ: ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ ਅੱਤਵਾਦੀਆਂ ਨਾਲ ਮੁਕਾਬਲੇ 'ਚ ਮੁਹਾਲੀ ਦੇ ਰਹਿਣ ਵਾਲੇ ਕਰਨਲ ਮਨਪ੍ਰੀਤ ਸਿੰਘ ਸ਼ਹੀਦ ਹੋ ਗਏ। ਉਨ੍ਹਾਂ ਦੀ ਸ਼ਹਾਦਤ ਦੀ ਖ਼ਬਰ ਸੁਣ ਕੇ ਉਨ੍ਹਾਂ ਦੇ ਮੁਹਾਲੀ ਸਥਿਤ ਜੱਦੀ ਪਿੰਡ ਭੜੌਜੀਆਂ ਵਿੱਚ ਸੋਗ ਦੀ ਲਹਿਰ ਹੈ। ਕਰਨਲ ਮਨਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਭਲਕੇ ਮੁਹਾਲੀ ਉਨ੍ਹਾਂ ਦੇ ਜੱਦੀ ਪਿੰਡ ਪਹੁੰਚੇਗੀ। ਜਿਸ ਦੀ ਜਾਣਕਾਰੀ ਉਨ੍ਹਾਂ ਦੇ ਪਰਿਵਾਰਕ ਮੈਂਬਰ ਵਰਿਮਦਰ ਗਿੱਲ ਵਲੋਂ ਦਿੱਤੀ ਗਈ। (Anantnag Encounter)(Anantnag Encounter Update)
ਪਰਿਵਾਰ ਨੂੰ ਮਨਪ੍ਰੀਤ ਸਿੰਘ ਦੀ ਸ਼ਹਾਦਤ 'ਤੇ ਮਾਣ:ਇਸ ਸਬੰਧੀ ਸ਼ਹੀਦ ਦੀ ਭੈਣ ਅਤੇ ਚਾਚੇ ਦਾ ਕਹਿਣਾ ਕਿ ਕਰਨਲ ਮਨਪ੍ਰੀਤ ਸਿੰਘ 'ਚ ਬਚਪਨ ਤੋਂ ਹੀ ਫੌਜ 'ਚ ਭਰਤੀ ਹੋਣ ਦਾ ਜ਼ਨੂਨ ਸੀ। ਉਨ੍ਹਾਂ ਦੱਸਿਆ ਕਿ ਪਰਿਵਾਰ ਕਈ ਪੀੜੀਆਂ ਤੋਂ ਫੌਜ 'ਚ ਭਰਤੀ ਹੋ ਕੇ ਦੇਸ਼ ਸੇਵਾ ਕਰ ਰਿਹਾ ਹੈ। ਇਸ ਦੇ ਨਾਲ ਹੀ ਸ਼ਹੀਦ ਮਨਪ੍ਰੀਤ ਦੀ ਭੈਣ ਨੇ ਦੱਸਿਆ ਕਿ ਆਪਣੇ ਬੇਟੇ ਨੂੰ ਵੀ ਉਹ ਫੌਜ 'ਚ ਭਰਤੀ ਕਰਨਾ ਚਾਹੁੰਦੇ ਸੀ ਤੇ ਹਮੇਸ਼ਾ ਕਹਿੰਦੇ ਸੀ ਕਿ ਇੱਕ ਦਿਨ ਦੁਨੀਆ 'ਤੇ ਅਜਿਹਾ ਨਾਮ ਕਰਾਂਗਾ ਕਿ ਹਰ ਕੋਈ ਸਲੂਟ ਮਾਰੇਗਾ ਤੇ ਉਨ੍ਹਾਂ ਅੱਜ ਉਹ ਕਰ ਦਿਖਾਇਆ। ਪਰਿਵਾਰ ਦਾ ਕਹਿਣਾ ਕਿ ਉਨ੍ਹਾਂ ਨੂੰ ਮਨਪ੍ਰੀਤ ਸਿੰਘ ਦੀ ਸ਼ਹਾਦਤ 'ਤੇ ਮਾਣ ਹੈ। ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਫੌਜ ਵਲੋਂ ਅੱਜ ਉਨ੍ਹਾਂ ਦੀ ਮ੍ਰਿਤਕ ਦੇਹ ਸ਼੍ਰੀਨਗਰ ਲਿਆਂਦੀ ਜਾਵੇਗੀ, ਜਿਥੇ ਭਲਕੇ ਦੁਪਹਿਰ 12 ਵਜੇ ਦੇ ਕਰੀਬ ਚੰਡੀਗੜ੍ਹ ਲਿਆਂਦੀ ਜਾਵੇਗੀ।
ਸ਼ਹੀਦ ਮਨਪ੍ਰੀਤ ਸਿੰਘ ਦਾ ਪਰਿਵਾਰ:ਸ਼ਹੀਦ ਮਨਪ੍ਰੀਤ ਸਿੰਘ ਆਪਣੇ ਪਿੱਛੇ ਪਤਨੀ ਅਤੇ 2 ਬੱਚੇ ਛੱਡ ਗਏ ਹਨ। ਉਨ੍ਹਾਂ ਦੀ ਸ਼ਹਾਦਤ ਦੀ ਖ਼ਬਰ ਤੋਂ ਬਾਅਦ ਉਨ੍ਹਾਂ ਦੇ ਮੁਹਾਲੀ ਸਥਿਤ ਜੱਦੀ ਪਿੰਡ ਭੜੌਜੀਆਂ ਸਣੇ ਪੰਚਕੂਲਾ ਸੈਕਟਰ-26 ਸਥਿਤ ਉਨ੍ਹਾਂ ਦੇ ਸਹੁਰੇ ਪਰਿਵਾਰ ਵਿੱਚ ਸੰਨਾਟਾ ਛਾ ਗਿਆ ਹੈ। ਜਿਸ ਤੋਂ ਬਾਅਦ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਵੱਡੀ ਗਿਣਤੀ 'ਚ ਲੋਕ ਉਨ੍ਹਾਂ ਦੇ ਘਰ ਪਹੁੰਚ ਰਹੇ ਹਨ। ਸ਼ਹੀਦ ਕਰਨਲ ਮਨਪ੍ਰੀਤ ਦੀ ਪਤਨੀ ਹਰਿਆਣਾ 'ਚ ਅਧਿਆਪਕਾ ਹਨ। ਹਾਲਾਂਕਿ, ਕਰਨਲ ਮਨਪ੍ਰੀਤ ਦੀ ਸ਼ਹੀਦੀ ਦੀ ਖਬਰ ਉਨ੍ਹਾਂ ਦੀ ਪਤਨੀ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਬਹੁਤ ਦੇਰ ਤੱਕ ਨਹੀਂ ਦਿੱਤੀ ਗਈ, ਉਨ੍ਹਾਂ ਨੂੰ ਦੱਸਿਆ ਗਿਆ ਕਿ ਉਹ ਜ਼ਖਮੀ ਹੋ ਗਏ ਹਨ। ਉਧਰ ਪੁੱਤ ਦੀ ਸ਼ਹਾਦਤ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ।