ਚੰਡੀਗੜ੍ਹ ਡੈਸਕ :ਖਰੜ ਸ਼ਹਿਰ ਨਾਲ ਸਬੰਧ ਰੱਖਣ ਵਾਲੇ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਸ਼ਾਇਰ ਦੇ ਰੂਪ ਵਿੱਚ ਪ੍ਰਸਿੱਧੀ ਹਾਸਿਲ ਕਰਨ ਵਾਲੇ ਨਾਮਵਰ ਮਰਹੂਮ ਸ਼ਾਇਰ ਪੰਡਿਤ ਵੇਦ ਦੀਵਾਨਾ ਦੇ ਨਾਂ ਉੱਤੇ ਇਕ ਮੁਸ਼ਾਇਰਾ ਖਰੜ ਵਿੱਚ ਭਲਕੇ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਰੋਟਰੀ ਕਲੱਬ ਖਰੜ ਅਤੇ ਸਾਂਝ ਅੰਬਾਲਾ ਪੋਇਟਰੀ ਜੰਕਸ਼ਨ ਦਾ ਉਚੇਚਾ ਸਹਿਯੋਗ ਹੈ।
ਖਰੜ ਦੇ ਆਰੀਆ ਕਾਲਜ 'ਚ ਹੋਵੇਗਾ ਮੁਸ਼ਾਇਰਾ :ਇਸ ਮੁਸ਼ਾਇਰੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਡਿਤ ਵੇਦ ਦੀਵਾਨਾ ਲਿਟਰੇਰੀ ਸੋਸਇਟੀ ਦੇ ਸਰਪ੍ਰਸਤ ਰਾਜੀਵ ਦੀਵਾਨਾ ਨੇ ਦੱਸਿਆ ਕਿ ਇਕ ਸ਼ਾਮ ਵੇਦ ਦੀਵਾਨਾ ਦੇ ਨਾਂ ਹੇਠ ਇਹ ਮੁਸ਼ਾਇਰਾ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਪ੍ਰਸਿੱਧ ਸ਼ਾਇਰ ਆਪਣਾ ਕਲਾਮ ਪੇਸ਼ ਕਰਨਗੇ। ਉਨ੍ਹਾਂ ਕਿਹਾ ਕਿ ਪੰਡਿਤ ਵੇਦ ਦੀਵਾਨਾ ਨੇ ਕਰੀਬ 50 ਸਾਲ ਸ਼ਾਇਰੀ ਨਾਲ ਜੁੜ ਕੇ ਆਪਣੇ ਇਲਾਕੇ ਅਤੇ ਖਾਸਕਰ ਖਰੜ ਦਾ ਨਾਂ ਅੰਤਰਰਾਸ਼ਟਰੀ ਪੱਧਰ ਉੱਤੇ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਦੀ ਰੂਪਰੇਖਾ ਮੁਤਾਬਿਕ ਇਹ ਮੁਸ਼ਾਇਰਾ ਖਰੜ ਦੇ ਆਰੀਆ ਕਾਲਜ ਵਿੱਚ ਕਰਵਾਇਆ ਜਾ ਰਿਹਾ ਹੈ।
ਇਹ ਸ਼ਾਇਰ ਪੜ੍ਹਨਗੇ ਆਪਣਾ ਕਲਾਮ : ਰਾਜੀਵ ਦੀਵਾਨਾ ਨੇ ਦੱਸਿਆ ਕਿ ਇਹ ਮੁਸ਼ਾਇਰਾ ਤਿੰਨ ਭਾਸ਼ਾਵਾਂ ਦੇ ਸਾਹਿਤ ਦਾ ਸੰਗਮ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਮੁਸ਼ਾਇਰੇ ਵਿੱਚ ਮਹਿੰਦਰ ਅਸ਼ਕ ਸਦਰ, ਜੌਹਰ ਕਾਨਪੁਰੀ, ਬਿਲਾਲ ਸਹਾਰਨਪੁਰੀ, ਮੁਸਵਿਰ ਫਿਰੋਜ਼ਪੁਰੀ, ਜਮੀਲ ਅਸਗਰ (ਮੁੰਬਈ), ਗੁਰਚਰਨ ਜੋਗੀ, ਡਾ. ਨਵੀਨ ਗੁਪਤਾ ਨਵੀ, ਹਮਜ਼ਾ ਬਿਲਾਲ, ਅਨੁਸ਼ਕਾ ਤਿਆਗੀ ਅਤੇ ਨਦੀਮ ਫਾਰੁਕੀ ਨਾਜ਼ਿਮ ਆਪਣਾ ਕਲਾਮ ਪੇਸ਼ ਕਰਨਗੇ।
ਸੋਸਾਇਟੀ ਪਹਿਲਾਂ ਵੀ ਕਰਵਾ ਚੁੱਕੀ ਹੈ ਮੁਸ਼ਾਇਰੇ : ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪੰਡਿਤ ਵੇਦ ਦੀਵਾਨਾ ਲਿਟਰੇਰੀ ਸੋਸਇਟੀ ਵੱਲੋਂ ਖਰੜ ਵਿੱਚ ਕਈ ਮੁਸ਼ਾਇਰੇ ਕਰਵਾਏ ਜਾ ਚੁੱਕੇ ਹਨ। ਇਨ੍ਹਾਂ ਵਿੱਚ ਪ੍ਰਸਿੱਧ ਸ਼ਾਇਰ ਆਪਣਾ ਕਲਾਮ ਪੇਸ਼ ਕਰ ਚੁੱਕੇ ਹਨ। ਨਾਮਵਰ ਸ਼ਾਇਰ ਰਾਹਤ ਇੰਦੌਰੀ ਵੀ ਇਸ ਸੋਸਾਇਟੀ ਦੇ ਮੁਸ਼ਾਇਰਿਆਂ ਦਾ ਹਿੱਸਾ ਬਣ ਚੁੱਕੇ ਹਨ। ਇਹ ਵੀ ਜ਼ਿਕਰਯੋਗ ਹੈ ਕਿ ਮਸ਼ਹੂਰ ਸ਼ਾਇਰ ਪੰਡਿਤ ਵੇਦ ਦੀਵਾਨਾ ਦੇ ਨਾਂ ਉਰਦੂ ਗ਼ਜ਼ਲ ਦੀਆਂ ਕਈ ਕਿਤਾਬਾਂ ਹਨ ਜੋ ਸੰਸਾਰ ਪ੍ਰਸਿੱਧ ਹਨ। ਰਾਜੀਵ ਦੀਵਾਨਾ ਨੇ ਸਾਹਿਤ, ਸ਼ਾਇਰੀ ਦੇ ਮੁਰੀਦ ਲੋਕਾਂ ਨੂੰ ਇਸ ਮੁਸ਼ਾਇਰੇ ਵਿੱਚ ਹਾਜਿਰ ਹੋਣ ਦੀ ਅਪੀਲ ਵੀ ਕੀਤੀ ਹੈ।