ਮੁਹਾਲੀ: ਪੰਜਾਬੀ ਅਤੇ ਹਿੰਦੀ ਫਿਲਮਾਂ ਦੀ ਨਾਮਵਰ ਅਦਾਕਾਰਾ ਉਪਾਸਨਾ ਸਿੰਘ ਨੇ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿੱਚ ਮਿਸ ਯੂਨੀਵਰਸ 2021 ਹਰਨਾਜ ਕੌਰ ਸੰਧੂ ਖ਼ਿਲਾਫ਼ ਇੱਕ ਪਟੀਸ਼ਨ ਦਾਇਰ ਕੀਤੀ ਹੈ । ਉਪਾਸਨਾ ਸਿੰਘ ਨੇ ਆਪਣੇ ਵਕੀਲ ਕਰਨ ਸੱਚਦੇਵਾ ਅਤੇ ਇਰਵਿਨਨੀਤ ਕੌਰ ਜ਼ਰੀਏ ਸਿਵਲ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਦਿਆਂ ਮਾਣਯੋਗ ਅਦਾਲਤ ਨੂੰ ਦੱਸਿਆ ਕਿ ਹਰਨਾਜ ਕੌਰ ਸੰਧੂ ਉਨ੍ਹਾਂ ਦੀ 19 ਅਗਸਤ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ “ਬਾਈ ਜੀ ਕੁੱਟਣਗੇ " ਦੀ ਐਕਟਰ ਹੈ।
ਉਨ੍ਹਾਂ ਕਿਹਾ ਕਿ ਮਿਸ ਯੂਨੀਵਰਸ ਬਣਨ ਤੋਂ ਬਾਅਦ ਹੁਣ ਉਹ ਇਸ ਫ਼ਿਲਮ ਦੇ ਪ੍ਰਚਾਰ ਵਿੱਚ ਕਿਸੇ ਕਿਸਮ ਦਾ ਕੋਈ ਸਹਿਯੋਗ ਨਹੀਂ ਕਰ ਰਹੀ ਅਤੇ ਨਾ ਹੀ ਲਿਖਤੀ ਕਾਨੂੰਨੀ ਵਾਅਦੇ ਮੁਤਾਬਕ ਫ਼ਿਲਮ ਦੀ ਪ੍ਰੋਮੋਸ਼ਨ ਲਈ ਸਮਾਂ ਦੇ ਰਹੀ ਹੈ। ਉਪਾਸਨਾ ਸਿੰਘ ਨੇ ਕਿਹਾ ਕਿ ਇਸ ਫ਼ਿਲਮ ਦੀ ਸ਼ੂਟਿੰਗ ਤੋਂ ਪਹਿਲਾਂ ਹਰਨਾਜ ਕੌਰ ਸੰਧੂ ਦਾ ਇਸ ਫ਼ਿਲਮ ਨੂੰ ਬਣਾਉਣ ਵਾਲੀ ਕੰਪਨੀ “ਸੰਤੋਸ਼ ਇੰਟਰਟੇਨਮੈਂਟ ਸਟੂਡੀਓ ' ਨਾਲ ਬਾਕਾਇਦਾ ਕਾਨੂੰਨੀ ਐਗਰੀਮੈਂਟ ਹੋਇਆ ਸੀ , ਜਿਸ ਮੁਤਾਬਕ ਹਰਨਾਜ਼ ਸੰਧੂ ਨੇ ਫ਼ਿਲਮ ਦੇ ਪ੍ਰੋਮੋਸ਼ਨ ਪਲੈਨ ਮੁਤਾਬਕ ਕੁਝ ਦਿਨ ਫ਼ਿਲਮ ਦੀ ਪ੍ਰੋਮੋਸ਼ਨ ਐਕਟੀਵਿਟੀ ਲਈ ਦੇਣੇ ਸਨ।
ਉਪਾਸਨਾ ਨੇ ਇਲਜ਼ਾਮ ਲਗਾਉਂਦੇ ਕਿਹਾ ਕਿ ਹੁਣ ਉਹ ਇਸ ਫ਼ਿਲਮ ਤੋਂ ਬਿਲਕੁਲ ਕਿਨਾਰਾ ਕਰ ਰਹੀ ਹੈ। ਉਪਾਸਨਾ ਸਿੰਘ ਮੁਤਾਬਕ ਉਨ੍ਹਾਂ ਨੇ ਇਹ ਫ਼ਿਲਮ “ਸੰਤੋਸ਼ ਇੰਟਰਟੇਨਮੈਂਟ ਸਟੂਡੀਓ" ਦੇ ਬੈਨਰ ਹੇਠਾਂ ਬਣਾਈ ਹੈ । ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਫ਼ਿਲਮ ਉੱਪਰ ਕਰੋੜਾਂ ਰੁਪਏ ਦੀ ਲਾਗਤ ਆਈ ਹੈ। ਹਰਨਾਜ਼ ਸੰਧੂ ਇਸ ਫ਼ਿਲਮ ਦੀ ਹੀਰੋਇਨ ਹੈ। ਪਟੀਸ਼ਨ ਮੁਤਾਬਕ ਉਹ ਹਰਨਾਜ਼ ਕੌਰ ਸੰਧੂ ਨੂੰ ਫ਼ਿਲਮ ਦੀ ਪ੍ਰੋਮੋਸ਼ਨ ਬਾਬਤ ਈਮੇਲ ਵੀ ਕਰ ਚੁੱਕੇ ਹਨ। ਬਹੁਤ ਵਾਰ ਫ਼ੋਨ ਵੀ ਕਰ ਚੁੱਕੇ ਹਨ ਪਰ ਉਹ ਨਾ ਤਾਂ ਫ਼ੋਨ ‘ ਤੇ ਗੱਲ ਕਰ ਰਹੀ ਹੈ ਅ ਤੇ ਨਾ ਹੀ ਕਿਸੇ ਈਮੇਲ ਦਾ ਜਵਾਬ ਦੇ ਰਹੀ ਹੈ। ਫ਼ਿਲਮ ਦੇ ਨਿਰਦੇਸ਼ਕ ਸਮੀਪਕੰਗ ਵੀ ਕਈ ਵਾਰ ਮਿਸ ਸੰਧੂ ਨੂੰ ਫ਼ੋਨ ਕਰ ਚੁੱਕੇ ਹਨ ਪਰ ਉਹ ਫ਼ਿਲਮ ਦੀ ਟੀਮ ਦੇ ਕਿਸੇ ਮੈਂਬਰ ਦਾ ਫ਼ੋਨ ਨਹੀਂ ਚੁੱਕ ਰਹੀ।