ਮੋਹਾਲੀ: ਤਰਨਤਾਰਨ 'ਚ ਬਾਬਾ ਚਰਨ ਸਿੰਘ ਤੇ ਉਨ੍ਹਾਂ ਦੇ ਛੇ ਪਰਿਵਾਰਕ ਮੈਂਬਰਾਂ ਦੇ ਫਰਜ਼ੀ ਐਨਕਾਊਂਟਰ ਦੇ ਲਗਭਗ 27 ਸਾਲਾਂ ਪਿੱਛੋਂ ਮੋਹਾਲੀ ਦੀ ਅਦਾਲਤ ਨੇ ਇਸ ਮਾਮਲੇ ’ਚ ਛੇ ਪੁਲਿਸ ਮੁਲਾਜ਼ਮਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ।
ਐੱਸਐੱਸਪੀ ਅਜੀਤ ਸਿੰਘ ਸੰਧੂ ਸਮੇਤ ਸੱਤ ਜਣਿਆਂ ਦੀ ਇਸ ਮਾਮਲੇ ਦੀ ਸੁਣਵਾਈ ਦੌਰਾਨ ਮੌਤ ਹੋ ਗਈ। ਇਹ ਮਾਮਲਾ 1997 ’ਚ ਸੀਬੀਆਈ ਹਵਾਲੇ ਕਰ ਦਿੱਤਾ ਸੀ ਜਦੋਂ ਬਾਬਾ ਚਰਨ ਸਿੰਘ ਦੀ ਪਤਨੀ ਸੁਰਜੀਤ ਕੌਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਅਰਜ਼ੀ ਦਿੱਤੀ ਸੀ।
ਫਰਜ਼ੀ ਐਨਕਾਊਂਟਰ ਮਾਮਲੇ 'ਚ 6 ਪੁਲਿਸ ਮੁਲਾਜ਼ਮ ਦੋਸ਼ੀ ਕਰਾਰ
ਖਾੜਕੂਵਾਦ ਦੇ ਦੌਰ ਦੌਰਾਨ ਫਰਜ਼ੀ ਐਨਕਾਊਂਟਰ ਮਾਮਲੇ 'ਚ ਮੋਹਾਲੀ ਦੀ ਸੀਬੀਆਈ ਕੋਰਟ ਨੇ 6 ਤਤਕਾਲੀ ਪੁਲਿਸ ਮੁਲਾਜ਼ਮਾਂ ਨੂੰ ਮੁਜਰਮ ਕਰਾਰ ਦਿੱਤਾ ਹੈ ਜਦਕਿ 3 ਨੂੰ ਬਰੀ ਕਰ ਦਿੱਤਾ ਗਿਆ ਹੈ।
ਅਰਜ਼ੀ ’ਚ ਲਿਖਿਆ ਸੀ ਉਨ੍ਹਾਂ ਦੇ ਪਤੀ ਬਾਬਾ ਚਰਨ ਸਿੰਘ, ਭਤੀਜੇ ਬਲਵਿੰਦਰ ਸਿੰਘ, ਪਿਤਾ ਗੁਰਮੇਜ ਸਿੰਘ, ਬਾਬਾ ਚਰਨ ਸਿੰਘ ਦੇ ਭਰਾਵਾਂ ਮੇਜਾ ਸਿੰਘ, ਕੇਸਰ ਸਿੰਘ, ਗੁਰਦੇਵ ਸਿੰਘ ਤੇ ਉਸ ਦੇ ਸਾਲੇ ਗੁਰਮੇਜ ਸਿੰਘ ਸਮੇਤ ਕੁੱਲ ਛੇ ਪਰਿਵਾਰਕ ਮੈਂਬਰਾਂ ਨੂੰ ਪੰਜਾਬ ਪੁਲਿਸ ਨੇ ਅਪ੍ਰੈਲ 1993 ਦੌਰਾਨ ਤਰਨ ਤਾਰਨ ਅਤੇ ਵੱਖੋ–ਵੱਖਰੇ ਸਥਾਨਾਂ ਤੋਂ ਅਗ਼ਵਾ ਕਰ ਲਿਆ ਸੀ। ਬਾਅਦ ’ਚ ਪੁਲਿਸ ਨੇ ਰਿਕਾਰਡ ਵਿੱਚ ਇਹ ਦਰਸਾ ਦਿੱਤਾ ਸੀ ਕਿ ਉਹ ਸਾਰੇ ਵਿਅਕਤੀ ਪੁਲਿਸ ਹਿਰਾਸਤ ’ਚੋਂ ਫ਼ਰਾਰ ਹੋਣ ਲੱਗੇ ਸਨ। ਇਸ ਲਈ ਉਹ ਪੁਲਿਸ ਦੀਆਂ ਗੋਲੀਆਂ ਨਾਲ ਸਾਰੇ ਮਾਰੇ ਗਏ।
ਦੂਜੇ ਪਾਸੇ, ਸੀਬੀਆਈ ਦੀ ਜਾਂਚ ਅਨੁਸਾਰ ਪੁਲਿਸ ਨੇ ਇਸ ਪਰਿਵਾਰ ਨੂੰ ਪਹਿਲਾਂ ਅਗ਼ਵਾ ਕੀਤਾ ਤੇ ਫਿਰ ਉਨ੍ਹਾਂ ਨੂੰ ਗ਼ੈਰ–ਕਾਨੂੰਨੀ ਹਿਰਾਸਤ ’ਚ ਰੱਖਿਆ। ਉਨ੍ਹਾਂ ਵਿਰੁੱਧ ਝੂਠੇ ਕੇਸ ਦਰਜ ਕੀਤੇ ਤੇ ਫਿਰ ਉਨ੍ਹਾਂ ਦਾ ਫਰਜ਼ੀ ਐਨਕਾਊਂਟਰ ਕਰ ਦਿੱਤਾ ਗਿਆ
ਮੋਹਾਲੀ ਦੀ ਸੀਬੀਆਈ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਗਏ ਪੁਲਿਸ ਮੁਲਾਜ਼ਮਾਂ ਦੇ ਨਾਂਅ ਤਤਕਾਲੀ ਇੰਸਪੈਕਟਰ ਸੂਬਾ ਸਿੰਘ, ਏਐੱਸਆਈ ਸੂਬਾ ਸਿੰਘ, ਹੌਲਦਾਰ ਲੱਖਾ ਸਿੰਘ, ਸਬ–ਇੰਸਪੈਕਟਰ ਬਿਕਰਮਜੀਤ ਸਿੰਘ, ਸਬ–ਇੰਸਪੈਕਟਰ ਸੁਖਦੇਵ ਸਿੰਘ ਤੇ ਸਬ–ਇੰਸਪੈਕਟਰ ਸੁਖਦੇਵ ਰਾਜ ਜੋਸ਼ੀ ਹਨ। ਅਦਾਲਤ ਨੇ ਡੀਐੱਸਪੀ ਗੁਰਮੀਤ ਸਿੰਘ ਰੰਧਾਵਾ, ਇੰਸਪੈਕਟਰ ਕਸ਼ਮੀਰ ਸਿੰਘ ਤੇ ਸਬ–ਇੰਸਪੈਕਟਰ ਨਿਰਮਲ ਸਿੰਘ ਨੂੰ ਬਰੀ ਕਰ ਦਿੱਤਾ ਹੈ।