ਰੋਪੜ: ਗੁਰੂ ਨਗਰੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੌਮਾਂਤਰੀ ਕਬੱਡੀ ਕੱਪ ਦੇ ਸੈਮੀਫਾਇਨਲ ਮੈਚਾਂ ਦਾ ਦੂਜਾ ਮੈਚ ਭਾਰਤ ਅਤੇ ਅਮਰੀਕਾ ਵਿਚਾਲੇ ਹੋਇਆ। ਮੈਚ ਵਿੱਚ ਭਾਰਤ ਨੇ ਯੂ.ਐੱਸ.ਏ ਨੂੰ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਇਸ ਮੈਚ ਤੋਂ ਪਹਿਲਾ ਅੱਜ ਕੈਨੇਡਾ ਨੇ ਇਗਲੈਂਡ ਨੂੰ ਸੈਮੀਫਾਇਨਲ ਦੇ ਪਹਿਲੇ ਮੈਂਚ ਵਿੱਚ ਹਰਾ ਕੇ ਫਾਇਨਲ 'ਚ ਜਗ੍ਹਾ ਬਣਾਈ ਸੀ। ਹੁਣ ਫਾਇਨਲ ਮੈਚ ਭਾਰਤ ਅਤੇ ਕੈਨੇਡਾ ਵਿਚਾਲੇ 10 ਦਸੰਬਰ ਖੇਡਿਆ ਜਾਵੇਗਾ। ਇਸ ਮੈਂਚ ਦੌਰਾਨ ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ ਸਿੰਘ ਨੇ ਵਿਸ਼ੇਸ ਤੌਰ 'ਤੇ ਸ਼ਿਰਕਤ ਕੀਤੀ।
ਇਸ ਮੌਕੇ ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਖੇਡਾਂ ਨੂੰ ਪ੍ਰਫੁੱਲਿਤ ਕਰਕੇ ਪੰਜਾਬ ਦੇ ਨੌਜਵਾਨਾਂ ਦਾ ਰੁੱਖ ਖੇਡ ਮੈਦਾਨਾ ਵੱਲ ਮੋੜਨ ਦਾ ਸ਼ਲਾਘਾਯੌਗ ਉਪਰਾਲਾ ਕੀਤਾ ਹੈ।
ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਬਹੁਤ ਹੀ ਉਪਰਾਲੇ ਕੀਤੇ ਹਨ। ਮੁੱਖ ਮੰਤਰੀ ਅਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਯਤਨਾ ਨਾਲ ਇਸ ਚਰਨਗੰਗਾ ਖੇਡ ਸਟੇਡੀਅਮ ਦਾ ਲੰਬੇ ਅਰਸੇ ਤੋਂ ਅਟਕ ਰਿਹਾ ਕੰਮ ਮੁਕੰਮਲ ਹੋਇਆ ਅਤੇ ਇਸੇ ਸਾਲ ਇਹ ਸਟੇਡੀਅਮ ਸੂਬੇ ਦੇ ਖਿਡਾਰੀਆਂ ਨੂੰ ਸਮਰਪਿਤ ਕੀਤਾ ਗਿਆ।