ਸ੍ਰੀ ਆਨੰਦਪੁਰ ਸਾਹਿਬ: ਪੰਜ ਦਰਿਆਵਾਂ ਦੀ ਧਰਤੀ ਮੰਨੇ ਜਾਣ ਵਾਲੇ ਪੰਜਾਬ 'ਚ ਕਈ ਥਾਵਾਂ ਅਜਿਹੀਆਂ ਵੀ ਹਨ। ਜਿੱਥੇ ਰੇਗਿਸਤਾਨ ਵਰਗੇ ਹਾਲਾਤ ਬਣੇ ਹੋਏ ਹਨ ਅਤੇ ਲੋਕ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਹਨ।
ਸ੍ਰੀ ਆਨੰਦਪੁਰ ਸਾਹਿਬ ਤੋਂ ਚਾਰ ਕਿਲੋਮੀਟਰ ਦੂਰ ਸਥਿਤ ਚੰਗਰ ਇਲਾਕੇ 'ਚ ਖੇਤੀ ਲਈ ਪਾਣੀ ਤਾਂ ਦੂਰ ਦੀ ਗੱਲ, ਇੱਥੇ ਪੀਣ ਲਈ ਪਾਣੀ ਵੀ ਨਹੀਂ ਹੈ। ਪਿੰਡ ਵਾਸੀ ਪੀਣ ਯੋਗ ਪਾਣੀ ਨੇੜਲੇ ਇਲਾਕਿਆਂ ਤੋਂ ਲੈਣ ਜਾਂਦੇ ਹਨ। ਚੰਗਰ ਇਲਾਕੇ 'ਚ ਖੇਤੀਬਾੜੀ ਕਰਨ ਵਾਲੇ ਅਤੇ ਦੁੱਧ ਵੇਚਣ ਵਾਲੇ ਦੋਧੀਆਂ ਨੂੰ ਵੀ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਚੰਗਰ ਇਲਾਕੇ ਦੇ ਲੋਕ ਪਾਣੀ ਦੀ ਬੂੰਦ-ਬੂੰਦ ਨੂੰ ਤਰਸੇ, ਸਤਲੁਜ ਕੰਢੇ ਝੁੱਗੀਆਂ ਪਾ ਕੇ ਰਹਿਣ ਨੂੰ ਮਜਬੂਰ ਜਿਸ ਕਾਰਨ ਦੋਧੀਆਂ ਵੱਲੋਂ ਹਰੇ ਚਾਰੇ ਅਤੇ ਪਾਣੀ ਦੀ ਕਿੱਲਤ ਨੂੰ ਦੇਖਦਿਆਂ ਆਪਣੇ ਪਸ਼ੂਆਂ ਸਮੇਤ ਸਤਲੁਜ ਦੇ ਕੰਢੇ 'ਤੇ ਜ਼ਮੀਨ ਕਿਰਾਏ 'ਤੇ ਲੈ ਕੇ ਝੁੱਗੀਆਂ ਪਾ ਕੇ ਰਹਿਣਾ ਪੈ ਰਿਹਾ ਹੈ। ਸਤਲੁਜ ਦਰਿਆ ਦੇ ਕੰਢੇ ਉਨ੍ਹਾਂ ਦੇ ਪਸ਼ੂਆਂ ਨੂੰ ਖਾਣ ਲਈ ਚਾਰਾ ਅਤੇ ਪੀਣ ਲਈ ਪਾਣੀ ਆਸਾਨੀ ਨਾਲ ਮਿਲ ਜਾਂਦਾ ਹੈ। ਚੰਗਰ ਇਲਾਕੇ ਦੇ ਕਾਹਿਵਾਲ, ਲਖੇੜ, ਪਹਾੜਪੁਰ, ਸਮਲਾਹ, ਸਿਮਬਰਵਾਲ, ਬਲੋਲੀ ਆਦਿ ਦਰਜਨਾਂ ਪਿੰਡਾਂ ਦੀ ਇਹੋ ਕਹਾਣੀ ਹੈ।
ਦੁੱਧ ਦਾ ਕਾਰੋਬਾਰ ਕਰਨ ਵਾਲੇ ਨੌਜਵਾਨ ਗੋਲਡੀ ਚੌਧਰੀ ਨੇ ਦੱਸਿਆ ਕਿ ਉਸ ਦੇ ਦਾਦਾ, ਪੜਦਾਦਾ ਗਾਵਾਂ-ਮੱਝਾਂ ਦਾ ਦੁੱਧ ਵੇਚ ਕੇ ਗੁਜ਼ਾਰਾ ਕਰਦੇ ਸਨ ਤੇ ਉਹ ਜਦੋਂ ਗਰਮੀ ਦੇ ਮੌਸਮ ਵਿੱਚ ਤਾਪਮਾਨ ਵਧਦਾ ਹੈ ਉਦੋਂ ਚੰਗਰ ਇਲਾਕੇ ਵਿੱਚ ਪਾਣੀ ਦੀ ਕਿੱਲਤ ਨੂੰ ਲੈ ਕੇ ਇੱਥੇ ਸਤਲੁਜ ਕੰਢੇ ਆ ਜਾਂਦੇ ਸਨ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਉਨ੍ਹਾਂ ਨੂੰ ਤਿੰਨ ਚਾਰ ਮਹੀਨੇ ਲਗਾਤਾਰ ਸਤਲੁਜ ਕੰਢੇ ਰਹਿਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਗਰਮੀਆਂ ਦੇ ਮੌਸਮ ਵਿੱਚ ਸੋਕਾ ਪੈਣ ਕਾਰਨ ਚੰਗਰ ਖੇਤਰ ਵਿੱਚ ਨਾ ਹੀ ਹਰਾ-ਚਾਰਾ ਹੁੰਦਾ ਹੈ ਅਤੇ ਨਾ ਹੀ ਪੀਣ ਲਈ ਪਾਣੀ। ਬਰਸਾਤਾਂ ਪੈਣ ਤੋਂ ਬਾਅਦ ਇਹ ਆਪਣੇ ਘਰਾਂ ਨੂੰ ਵਾਪਸ ਚਲੇ ਜਾਂਦੇ ਹਨ।
ਇਹ ਵੀ ਪੜੋ: ਕੋਰੋਨਾ ਸੰਕਟ ਨੇ ਭਾਰਤ ਨੂੰ ਆਤਮ-ਨਿਰਭਰ ਬਨਣ ਦਾ ਮੌਕਾ ਦਿੱਤਾ: ਪੀਐਮ ਮੋਦੀ
ਨੌਜਵਾਨ ਨੇ ਕਿਹਾ ਕਿ ਪੀਣ ਵਾਲੇ ਪਾਣੀ ਲਈ ਜਿੱਥੇ ਉਨ੍ਹਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਥੇ ਹੀ ਖੁੱਲ੍ਹੇ ਅਸਮਾਨ ਹੇਠਾ ਰਾਤ ਗੁਜ਼ਾਰਨੀ ਪੈਂਦੀ ਹੈ। ਉਨ੍ਹਾਂ ਦੱਸਿਆ ਕਿ ਰਾਤ ਨੂੰ ਸੱਪ, ਬਿੱਛੂ ਅਤੇ ਜ਼ਹਿਰੀਲੇ ਜੀਵ ਜੰਤੂ ਵੀ ਆ ਜਾਂਦੇ ਹਨ। ਉਨ੍ਹਾਂ ਨੇ ਸਰਕਾਰ ਤੋ ਮੰਗ ਕੀਤੀ ਕਿ ਉਨ੍ਹਾਂ ਦੀ ਜਲਦ ਤੋਂ ਜਲਦ ਇਸ ਪਾਣੀ ਦੀ ਸਮੱਸਿਆ ਨੂੰ ਦੂਰ ਕੀਤਾ ਜਾਵੇ।