ਹੜ੍ਹਾਂ ਵਾਲੇ ਇਲਾਕਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਸਥਾਨਕ ਲੋਕ। ਸ਼੍ਰੀ ਅਨੰਦਪੁਰ ਸਾਹਿਬ:ਸ਼੍ਰੀ ਅਨੰਦਪੁਰ ਸਾਹਿਬ ਦੇ ਪਿੰਡ ਚੌਂਤਾਂ, ਹਰਸਾ ਵੇਲਾ, ਸ਼ਾਹਪੁਰ ਬੇਲਾ, ਬੇਲਾ ਰਾਮਗੜ੍ਹ ਪਿੰਡਾਂ ਦੇ ਹਾਲਾਤ ਵਿਗੜੇ ਹੋਏ ਹਨ। ਜਾਣਕਾਰੀ ਮੁਤਾਬਿਕ ਭਾਖੜ੍ਹਾ ਡੈਮ ਵਿੱਚ ਪਾਣੀ ਦਾ ਪੱਧਰ ਘਟਿਆ ਹੈ ਪਰ ਕਈ ਪਿੰਡਾਂ ਵਿੱਚ ਸਤਲੁਜ ਦਾ ਪਾਣੀ ਹਾਲੇ ਵੀ ਵਗ ਰਿਹਾ ਹੈ। ਪਿੰਡ ਚੌਂਤਾਂ, ਹਰਸਾ ਵੇਲਾ, ਸ਼ਾਹਪੁਰ ਬੇਲਾ, ਬੇਲਾ ਰਾਮਗੜ੍ਹ ਪਿੰਡਾਂ ਦੇ ਹਾਲਾਤ ਸਭ ਤੋਂ ਜਿਆਦਾ ਖਰਾਬ ਹਨ।
ਲੋਕ ਘਰਾਂ ਵਿੱਚੋਂ ਨਿਕਲਣ ਲਈ ਤਿਆਰ ਨਹੀਂ :ਦੂਜੇ ਪਾਸੇ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਘਟਿਆ ਹੈ ਅਤੇ ਸਥਿੱਤੀ ਕਾਬੂ ਵਿੱਚ ਹੋਣ ਦੇ ਬਾਵਜੂਦ ਡਰ ਦਾ ਮਾਹੌਲ ਬਣਿਆ ਹੋਇਆ ਹੈ। ਜਿਨ੍ਹਾਂ ਪਿੰਡਾਂ ਵਿੱਚ ਸਤਲੁਜ ਦਰਿਆ ਦਾ ਪਾਣੀ ਪਹੁੰਚਿਆ ਸੀ ਉਹ ਪਾਣੀ ਉਸੇ ਤਰ੍ਹਾਂ ਵਗ ਰਿਹਾ ਹੈ। ਕਾਫੀ ਪਿੰਡ ਅਤੇ ਘਰ ਚਾਰੇ ਪਾਸਿਓਂ ਪਾਣੀ ਨਾਲ ਘਿਰੇ ਹੋਏ ਹਨ। ਇਹ ਇੱਕ ਪ੍ਰਕਾਰ ਨਾਲ ਟਾਪੂ ਵਰਗੇ ਬਣ ਗਏ ਹਨ। ਲੋਕ ਘਰਾਂ ਤੋਂ ਬਾਹਰ ਨਿੱਕਲਣ ਨੂੰ ਤਿਆਰ ਨਹੀਂ ਹਨ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਅਗਰ ਅਸੀਂ ਚਲੇ ਗਏ ਤਾਂ ਸਾਡੇ ਪਸ਼ੂਆਂ ਦੀ ਸਾਂਭ ਸੰਭਾਲ ਕੌਣ ਕਰੇਗਾ।
ਪਸ਼ੂਆਂ ਲਈ ਚਾਰਾ ਅਤੇ ਖਾਣ ਪੀਣ ਦੀਆ ਵਸਤਾਂ ਖਤਮ ਹੋ ਰਹੀਆਂ ਹਨ। ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਵਧਣ ਅਤੇ ਪਾਣੀ ਛੱਡਣ ਨਾਲ, ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ ਵਿੱਚ ਪਾਣੀ ਆ ਗਿਆ ਸੀ ਅਤੇ ਹੜ੍ਹ ਵਰਗੇ ਹਾਲਾਤ ਬਣ ਗਏ ਹਨ, ਜ਼ਿਨ੍ਹਾਂ ਦਾ ਜਾਇਜਾ ਲੈਣ ਅਤੇ ਪ੍ਰਭਾਵਿਤ ਖੇਤਰਾਂ ਵਿਚ ਗਰਾਊਂਡ ਜ਼ੀਰੋ 'ਤੇ ਜਾ ਕੇ ਰਾਹਤ ਤੇ ਬਚਾਅ ਕਾਰਜਾਂ ਵਿਚ ਤੇਜੀ ਲਿਆਉਣ ਲਈ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ.ਪ੍ਰੀਤੀ ਯਾਦਵ ਬੀਤੇ ਦਿਨਾਂ ਤੋਂ ਦਿਨ ਰਾਤ ਦੂਰ ਦੂਰਾਡੇ ਪ੍ਰਭਾਵਿਤ ਪਿੰਡਾਂ ਵਿੱਚ ਪਹੁੰਚ ਰਹੇ ਹਨ।
ਉਨ੍ਹਾਂ ਨੇ ਸ਼ਾਹਪੁਰ ਬੇਲਾ, ਹਰਸਾਬੇਲਾ, ਭਲਾਣ, ਪਲਾਸੀ, ਸੈਸੋਵਾਲ, ਪੱਸੀਵਾਲ ਅਤੇ ਹੋਰ ਦਰਜਨਾਂ, ਮੰਡੀਕਲਾਂ ਪਿੰਡਾਂ ਵਿਚ ਜਾ ਕੇ ਲੋਕਾਂ ਨਾਲ ਗੱਲਬਾਤ ਕੀਤੀ ਹੈ। ਸਤਲੁਜ ਦਰਿਆਂ ਨੇੜੇ ਨੀਵੇਂ ਇਲਾਕਿਆਂ ਵਿਚ ਰਹਿ ਰਹੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਬਣਾਏ ਰਾਹਤ ਕੈਪਾਂ ਵਿਚ ਆਉਣ ਲਈ ਅਪੀਲ ਕੀਤੀ ਗਈ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਹਰ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ ਅਤੇ ਅਧਿਕਾਰੀਆਂ ਨੂੰ ਜਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ।