ਰੂਪਨਗਰ: ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐਸ.ਪੀ.ਸਿੰਘ ਓਬਰਾਏ ਨੇ ਇੱਕ ਵਾਰ ਮੁੜ ਵੱਡੀ ਪਹਿਲ ਕਦਮੀ ਕਰਦਿਆਂ ਪੰਜਾਬ ਦੀ ਬੌਧਿਕਤਾ, ਸਾਹਿਤਕਾਰੀ ਅਤੇ ਸਿੱਖ ਇਤਿਹਾਸਕਾਰੀ ਨੂੰ ਸਾਂਭਣ ਲਈ ਸ੍ਰੀ ਅਨੰਦਪੁਰ ਸਾਹਿਬ ਵਿਖੇ 'ਵਿਵੇਕ ਸਦਨ' ਨਾਂ ਦੀ ਇੱਕ ਇਮਾਰਤ ਤਿਆਰ ਕਰਵਾ ਕੇ ਉਸ ਅੰਦਰ ਸੰਨੀ ਓਬਰਾਏ ਐਡਵਾਂਸ ਰਿਸਰਚ ਸੈਂਟਰ ਦੀ ਸਥਾਪਨਾ ਕੀਤੀ ਹੈ।
ਪੰਜਾਬ ਦੀ ਬੌਧਿਕਤਾ ਅਤੇ ਸਿੱਖ ਇਤਿਹਾਸਕਾਰੀ ਦੀ ਬਾਂਹ ਫੜਨ ਲਈ ਅੱਗੇ ਆਏ ਡਾ.ਓਬਰਾਏ - Punjabi culture
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਪੰਜਾਬੀ ਸਭਿਆਚਾਰ ਨੂੰ ਹੋਰ ਸਿਰਜਨ ਲਈ ਨਵੇਕਲੀ ਪਹਿਲ ਕੀਤੀ ਗਈ ਹੈ। ਟਰੱਸਟ ਦੇ ਬਾਨੀ ਡਾ.ਐਸ.ਪੀ.ਸਿੰਘ ਓਬਰਾਏ ਵੱਲੋਂ ਵੱਖ- ਵੱਖ ਬਿਰਧ ਆਸ਼ਰਮਾਂ, ਧਰਮਸ਼ਾਲਾਵਾਂ ਅਤੇ ਗੁਰਦੁਆਰਿਆਂ ਆਦਿ 'ਚ ਆਪਣਾ ਜੀਵਨ ਬਸਰ ਕਰ ਰਹੇ ਕਵੀਆਂ, ਲੇਖਕਾਂ, ਬੁੱਧੀਜੀਵੀਆਂ ਤੇ ਸਾਹਿਤਕਾਰਾਂ ਲਈ 'ਵਿਵੇਕ ਸਦਨ' ਨਾਂ ਦੀ ਇੱਕ ਇਮਾਰਤ ਤਿਆਰ ਕਰਵਾਈ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ.ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਨੀ ਓਬਰਾਏ ਵਿਵੇਕ ਸਦਨ ਅੰਦਰ ਐਡਵਾਂਸ ਰਿਸਰਚ ਸੈਂਟਰ ਦੀ ਇਮਾਰਤ ਤਿਆਰ ਕਰਵਾਈ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਇਮਾਰਤ ਅੰਦਰ ਟਰੱਸਟ ਵੱਲੋਂ ਕਵੀਆਂ, ਲੇਖਕਾਂ, ਬੁੱਧੀਜੀਵੀਆਂ ਤੇ ਸਾਹਿਤਕਾਰਾਂ ਨੂੰ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਧਿਆਨ 'ਚ ਆਇਆ ਸੀ ਕਿ ਬਹੁਤ ਸਾਰੇ ਵੱਡੇ ਕਵੀ, ਸਾਹਿਤਕਾਰ ਤੇ ਬੁੱਧੀਜੀਵੀ ਵੱਖ- ਵੱਖ ਬਿਰਧ ਆਸ਼ਰਮਾਂ, ਧਰਮਸ਼ਾਲਾਵਾਂ ਅਤੇ ਗੁਰਦੁਆਰਿਆਂ ਆਦਿ 'ਚ ਆਪਣਾ ਜੀਵਨ ਬਸਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਫੈਸਲਾ ਕੀਤਾ ਹੈ ਕਿ ਸਾਹਿਤਕਾਰੀ ਨਾਲ ਜੁੜੇ ਅਜਿਹੇ ਲੋਕਾਂ ਜਿਨ੍ਹਾਂ ਦੇ ਸਿਰ 'ਤੇ ਆਪਣੀ ਛੱਤ ਵੀ ਨਹੀਂ ਹੈ, ਉਨ੍ਹਾਂ ਨੂੰ ਇਸ ਸਦਨ 'ਚ ਰੱਖਿਆ ਜਾਵੇਗਾ ਅਤੇ ਉਨ੍ਹਾਂ ਨੂੰ ਟਰੱਸਟ ਵੱਲੋਂ ਮੁਫ਼ਤ ਖਾਣਾ, ਰਿਹਾਇਸ਼ ਤੇ ਸਿਹਤ ਸਹੂਲਤਾਂ ਦਿੱਤੀਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਵੱਲੋਂ ਲਿਖੀਆਂ ਗਈਆਂ ਲਿਖਤਾਂ ਨੂੰ ਜਿੱਥੇ ਟਰੱਸਟ ਵੱਲੋਂ ਪ੍ਰਕਾਸ਼ਿਤ ਕੀਤਾ ਜਾਵੇਗਾ, ਉੱਥੇ ਹੀ ਸਿੱਖ ਧਰਮ ਤੇ ਇਤਿਹਾਸ ਨਾਲ ਸਬੰਧਤ ਲਿਖਤਾਂ 'ਤੇ ਖੋਜ ਵੀ ਕੀਤੀ ਜਾਵੇਗੀ। ਡਾ.ਓਬਰਾਏ ਨੇ ਦੱਸਿਆ ਕਿ ਇਸ ਵਿਵੇਕ ਸਦਨ ਅੰਦਰ ਕੁੱਲ 48 ਬਿਸਤਰੇ ਤਿਆਰ ਕੀਤੇ ਗਏ ਹਨ ਅਤੇ ਇੱਥੇ ਰਹਿਣ ਵਾਲੇ ਲੇਖਕਾਂ ਤੇ ਬੁੱਧੀਜੀਵੀਆਂ ਦੀ ਚੋਣ ਕਰਨ ਲਈ ਟਰੱਸਟ ਵੱਲੋਂ ਜਲਦ ਹੀ ਇੱਕ 7 ਮੈਂਬਰੀ ਕਮੇਟੀ ਦਾ ਗਠਨ ਕੀਤਾ ਜਾਵੇਗਾ, ਜਦਕਿ ਟਰੱਸਟ ਵੱਲੋਂ ਸੰਨੀ ਓਬਰਾਏ ਵਿਵੇਕ ਸਦਨ ਐਡਵਾਂਸ ਰਿਸਰਚ ਸੈਂਟਰ ਦੀ ਵੈਬਸਾਈਟ ਲਾਂਚ ਕਰ ਦਿੱਤੀ ਗਈ ਹੈ। ਇਸ ਮੌਕੇ ਰਿਸਰਚ ਸੈਂਟਰ ਦੇ ਇੰਚਾਰਜ ਡਾ. ਸੋਹਨਦੀਪ ਕੋਰ, ਡਾ. ਸਰਬਜਿੰਦਰ ਸਿੰਘ, ਡਾ.ਐੱਨ.ਐੱਸ.ਸੋਢੀ ਤੋਂ ਇਲਾਵਾ ਟਰੱਸਟ ਦੇ ਕੌਮੀ ਜਨਰਲ ਸਕੱਤਰ ਗਗਨਦੀਪ ਅਹੂਜਾ, ਐਜੂਕੇਸ਼ਨ ਡਾਇਰੈਕਟਰ ਇੰਦਰਜੀਤ ਕੌਰ ਗਿੱਲ,ਹੈਲਥ ਡਾਇਰੈਕਟਰ ਡਾ.ਦਲਜੀਤ ਸਿੰਘ ਗਿੱਲ,ਰੂਪਨਗਰ ਤੋਂ ਟਰੱਸਟ ਦੇ ਪ੍ਰਧਾਨ ਜੇ.ਕੇ. ਜੱਗੀ ਅਤੇ ਹੋਰ ਮੈਂਬਰ ਵੀ ਮੌਜੂਦ ਸਨ।