ਰੋਪੜ: ਮੇਨ ਬਾਜ਼ਾਰ ਵਿੱਚ ਇੱਕ ਪੁਲਿਸ ਮੁਲਾਜ਼ਮ ਵੱਲੋਂ ਇੱਕ ਮਠਿਆਈ ਦੀ ਦੁਕਾਨ ਵਿੱਚ ਵੜ ਕੇ ਮਾਲਕ ਦੀ ਡੰਡਾ ਪਰੇਡ ਕੀਤੇ ਜਾਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਵੀਡੀਓ ਪੂਰੀ ਤਰ੍ਹਾਂ ਸ਼ਹਿਰ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਪੁਲਸੀਏ ਨੇ ਕੀਤੀ ਦੁਕਾਨਦਾਰ ਦੀ ਡੰਡਾ ਪਰੇਡ, ਵੀਡੀਓ ਵਾਇਰਲ ਵੀਡੀਓ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਰੂਪਨਗਰ ਦੇ ਸਾਬਕਾ ਵਿਧਾਇਕ ਰਹਿ ਚੁੱਕੇ ਡਾ. ਦਿਲਜੀਤ ਸਿੰਘ ਚੀਮਾ ਨੇ ਵੀ ਆਪਣੇ ਫੇਸਬੁੱਕ ਪੇਜ 'ਤੇ ਅਪਲੋਡ ਕੀਤਾ ਹੋਇਆ ਹੈ। ਪੇਜ਼ 'ਤੇ ਵੀਡੀਓ ਪਾਉਂਦੇ ਹੋਏ ਉਨ੍ਹਾਂ ਲਿਖਿਆ ਹੈ ਕਿ ਅੱਜ ਰੋਪੜ ਮੇਨ ਬਾਜ਼ਾਰ ਵਿੱਚ ਸ਼ਾਮ ਨੂੰ ਦੁਕਾਨਾਂ ਬੰਦ ਕਰਵਾਉਂਦੇ ਸਮੇਂ ਪੁਲਿਸ ਦੇ ਇੱਕ ਮੁਲਾਜ਼ਮ ਨੇ ਨੌਜਵਾਨ ਦੁਕਾਨਦਾਰ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਹੈ। ਉਸ ਦੀ ਵੀਡੀਓ ਦੇਖ ਕੇ ਮਨ ਨੂੰ ਬਹੁਤ ਦੁੱਖ ਲੱਗਾ।
ਉਨ੍ਹਾਂ ਅੱਗੇ ਲਿਖਿਆ ਹੈ ਕਿ ਕੋਰੋਨਾ ਮਹਾਂਮਾਰੀ ਦੇ ਆਰਥਿਕ ਮੰਦਹਾਲੀ ਦੇ ਇਸ ਦੌਰ ਵਿੱਚ ਮਿਹਨਤ ਕਰਕੇ ਰੋਟੀ ਕਮਾ ਰਹੇ ਕਿਸੇ ਵੀ ਵਿਅਕਤੀ ਨਾਲ ਇਸ ਤਰ੍ਹਾਂ ਵਿਵਹਾਰ ਪੰਜਾਬ ਪੁਲਿਸ ਨੂੰ ਸ਼ੋਭਾ ਨਹੀਂ ਦਿੰਦਾ। ਜੇ ਕਿਸੇ ਵੱਲੋਂ ਹਦਾਇਤਾਂ ਦੀ ਅਣਦੇਖੀ ਕੀਤੀ ਜਾਂਦੀ ਹੈ ਤਾਂ ਉਸ ਨਾਲ ਸੱਭਿਅਕ ਕਾਨੂੰਨੀ ਤਰੀਕੇ ਨਾਲ ਨਿਪਟਿਆ ਜਾ ਸਕਦਾ ਹੈ ਪਰ ਇਸ ਤਰ੍ਹਾਂ ਦੀ ਦਹਿਸ਼ਤ ਭਰਪੂਰ ਕਾਰਵਾਈ ਨੂੰ ਕਿਸੇ ਵੀ ਤਰੀਕੇ ਨਾਲ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।
ਉਨ੍ਹਾਂ ਘਟਨਾ ਦੀ ਨਿਖੇਧੀ ਕੀਤੀ ਅਤੇ ਡਿਪਟੀ ਕਮਿਸ਼ਨਰ ਰੂਪਨਗਰ ਅਤੇ ਐਸਐਸਪੀ ਨੂੰ ਇਸ ਘਟਨਾ 'ਤੇ ਕਾਰਵਾਈ ਕਰਨ ਦੀ ਮੰਗ ਕੀਤੀ। ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਕਥਿਤ ਦੋਸ਼ੀ ਪੁਲਿਸ ਮੁਲਾਜ਼ਮ ਵਿਰੁੱਧ ਸਖਤੀ ਨਾਲ ਕਾਰਵਾਈ ਕਰਨ ਲਈ ਕਿਹਾ।
ਪੰਜਾਬ ਦੀ ਕੈਪਟਨ ਸਰਕਾਰ ਨੇ ਪੰਜਾਬ ਦੇ ਵਿੱਚ ਰੋਜ਼ਾਨਾ ਸ਼ਾਮ ਨੂੰ ਸਾਢੇ ਛੇ ਵਜੇ ਤੋਂ ਬਾਅਦ ਦੁਕਾਨਾਂ ਬੰਦ ਕਰਨ ਦੇ ਆਦੇਸ਼ ਦਿੱਤੇ ਹਨ ਅਤੇ ਇਸ ਆਦੇਸ਼ਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਵੀ ਹੁਕਮ ਜਾਰੀ ਕੀਤੇ ਹਨ।