ਰੂਪਨਗਰ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰਵੀਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਜਿਸ ਵਿੱਚ ਹਰ ਵਾਰ ਦੀ ਤਰ੍ਹਾਂ ਲੜਕੀਆਂ ਨੇ ਹੀ ਬਾਜ਼ੀ ਮਾਰੀ ਹੈ।
ਬੋਰਡ ਦੇ ਇਮਤਿਹਾਨਾਂ 'ਚ ਟਾਪਰ ਨੇ ਨਤੀਜਾ ਦੁਬਾਰਾ ਐਲਾਨਣ ਦੀ ਕੀਤੀ ਮੰਗ ਸੂਬੇ ਦੇ ਕਈ ਜ਼ਿਲ੍ਹਿਆਂ ਦੀ ਅਜਿਹੀਆਂ ਵਿਦਿਆਰਥਣਾਂ ਵੀ ਹਨ, ਜਿਨ੍ਹਾਂ ਨੇ ਸੂਬੇ ਅਤੇ ਜ਼ਿਲ੍ਹਾ ਪੱਧਰ ਉੱਤੇ ਟਾਪ ਕੀਤਾ ਹੈ। ਪਰ ਰੂਪਨਗਰ ਦੀ ਪ੍ਰਭਜੋਤ ਕੌਰ ਦਾ ਮਾਮਲਾ ਅਲੱਗ ਹੀ ਹੈ। ਉਸ ਨੇ ਵੀ ਬਾਰ੍ਹਵੀਂ ਦੇ ਇਮਤਿਹਾਨਾਂ ਵਿੱਚ ਟਾਪ ਕੀਤਾ ਹੈ।
ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦਿਆਂ ਪ੍ਰਭਜੋਤ ਨੇ ਦੱਸਿਆ ਕਿ ਉਸ ਨੇ ਬਾਰ੍ਹਵੀਂ ਜਮਾਤ ਮੈਡੀਕਲ ਵਿਸ਼ਿਆਂ ਨਾਲ ਕੀਤੀ ਹੈ, ਜਿਸ ਵਿੱਚ ਉਸ ਨੇ 99.77 ਫ਼ੀਸਦ ਅੰਕ ਪ੍ਰਾਪਤ ਕੀਤੇ ਹਨ।
ਪ੍ਰਭਜੋਤ ਕੌਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਸਿੱਖਿਆ ਮੰਤਰੀ ਨੂੰ ਉਸ ਦੇ ਨਤੀਜੇ ਨੂੰ ਰਿਵਿਊ ਕਰਨ ਦੀ ਅਪੀਲ ਕੀਤੀ ਹੈ। ਬੋਰਡ ਵੱਲੋਂ ਪ੍ਰੈਕਟੀਕਲ ਦੇ ਵਿੱਚ ਉਸ ਨੂੰ ਇੱਕ ਨੰਬਰ ਘੱਟ ਦਿੱਤਾ ਗਿਆ ਹੈ।
ਜਦੋਂ ਹੀ ਉਸ ਨੇ ਆਪਣਾ ਨਤੀਜਾ ਦੇਖਿਆ ਤਾਂ ਉਸ ਦੇ ਪ੍ਰੈਕਟੀਕਲ ਦੇ ਵਿੱਚ ਬੋਰਡ ਵੱਲੋਂ ਇੱਕ ਨੰਬਰ ਘੱਟ ਦਿੱਤਾ ਗਿਆ ਹੈ, ਜਦਕਿ ਲਿਖਤੀ ਪੇਪਰਾਂ ਵਿੱਚ ਉਸ ਦੇ 100 ਫ਼ੀਸਦ ਨੰਬਰ ਹਨ, ਜਿਸ ਕਾਰਨ ਪ੍ਰਭਜੋਤ ਕੌਰ ਥੋੜ੍ਹੀ ਨਿਰਾਸ਼ ਹੈ।
ਤੁਹਾਨੂੰ ਦੱਸ ਦਈਏ ਕਿ ਪ੍ਰਭਜੋਤ ਕੌਰ ਨੇ 450 ਦੇ ਵਿੱਚ 449 ਅੰਕ ਪ੍ਰਾਪਤ ਕੀਤੇ ਹਨ। ਉੱਥੇ ਹੀ ਪ੍ਰਭਜੋਤ ਕੌਰ ਦੇ ਅਧਿਆਪਕ ਨੇ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਪ੍ਰਭਜੋਤ ਕੌਰ ਦਾ ਨਤੀਜਾ ਦੁਬਾਰਾ ਵੇਖਿਆ ਜਾਵੇ।
ਪ੍ਰਭਜੋਤ ਕੌਰ ਦੇ ਅਧਿਆਪਕ ਨੇ ਦੱਸਿਆ ਕਿ ਬਾਰ੍ਹਵੀਂ ਦੇ ਮੈਡੀਕਲ ਦੇ ਵਿੱਚੋਂ ਪ੍ਰਭਜੋਤ ਕੌਰ ਨੇ 450 ਚੋਂ 449 ਅੰਕ ਪ੍ਰਾਪਤ ਕੀਤੇ ਹਨ, ਉਸ ਦੇ ਕੈਮਿਸਟਰੀ ਦੇ ਪੇਪਰ ਦੇ ਪ੍ਰੈਕਟੀਕਲ ਵਿੱਚੋਂ ਇੱਕ ਨੰਬਰ ਕੱਟ ਲਿਆ ਗਿਆ ਹੈ ਜਦਕਿ ਥਿਊਰੀ ਵਿੱਚੋਂ ਉਸ ਦੇ ਪੂਰੇ ਨੰਬਰ ਹਨ।
ਜਦਕਿ ਸਿੱਖਿਆ ਬੋਰਡ ਦੀਆਂ ਹਦਾਇਤਾਂ ਹਨ ਕਿ ਜੇ ਥਿਊਰੀ ਵਿੱਚ ਪੂਰੇ ਨੰਬਰ ਹਨ ਤਾਂ ਪ੍ਰੈਕਟੀਕਲ ਵਿੱਚ ਵੀ ਪੂਰੇ ਨੰਬਰ ਦਿੱਤੇ ਜਾਣ।
ਪ੍ਰਭਜੋਤ ਕੌਰ ਅਤੇ ਉਸ ਦੇ ਸਕੂਲ ਸਟਾਫ਼ ਨੇ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਉਸ ਦੇ ਨਤੀਜੇ ਵੱਲ ਧਿਆਨ ਦਿੱਤਾ ਜਾਵੇ ਅਤੇ ਉਸ ਦੇ ਨਤੀਜੇ ਨੂੰ ਦੁਬਾਰਾ ਐਲਾਨਿਆ ਜਾਵੇ।