ਨੰਗਲ: ਅਕਸਰ ਸੁਣਨ 'ਚ ਆਉਂਦੇ ਕਿ ਤੇਜ਼ ਰਫ਼ਤਾਰ ਨੇ ਕਹਿਰ ਢਾਅ ਦਿੱਤਾ ਅਤੇ ਹਾਦਸਾ ਹੋ ਗਿਆ। ਅਜਿਹਾ ਹੀ ਮਾਮਲਾ ਨੰਗਲ ਦੇ ਨਜ਼ਦੀਕੀ ਪਿੰਡ ਅਜੋਲੀ ਤੋਂ ਸਾਹਮਣੇ ਆਇਆ, ਜਿਥੇ ਨੰਗਲ ਸ੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ 'ਤੇ ਇੱਕ ਤੇਜ਼ ਰਫ਼ਤਾਰ ਕਾਰ ਨੇ ਜਗਾੜੂ ਰੇਹੜੀ ਚਾਲਕ ਨੂੰ ਸਾਹਮਣੇ ਤੋਂ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਤਿੰਨ ਲੋਕ ਗੰਭੀਰ ਜ਼ਖ਼ਮੀ ਹੋ ਗਏ, ਜਿੰਨ੍ਹਾਂ ਨੂੰ ਇਲਾਜ ਲਈ ਨੰਗਲ ਦੇ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ। (Raod Accident)
ਸੀਸੀਟੀਵੀ 'ਚ ਕੈਦ ਹੋਇਆ ਹਾਦਸਾ:ਇਸ ਹਾਦਸੇ ਦੀ ਇੱਕ ਸੀਸੀਟੀਵੀ ਤਸਵੀਰ ਵੀ ਸਾਹਮਣੇ ਆਈ ਹੈ। ਜਿਸ 'ਚ ਦਿਖਾਈ ਦੇ ਰਿਹਾ ਕਿ ਕਿਵੇਂ ਇੱਕ ਕਾਰ ਚਾਲਕ ਵਲੋਂ ਜਗਾੜੂ ਰੇਹੜੀ ਨੂੰ ਸਾਹਮਣੇ ਤੋਂ ਟੱਕਰ ਮਾਰ ਦਿੱਤੀ ਅਤੇ ਜਗਾੜੂ ਰੇਹੜੀ ਚਾਲਕ ਸਮੇਤ ਦੋ ਹੋਰ ਸ਼ਖ਼ਸ ਹਵਾ 'ਚ ਉਡ ਕੇ ਸੜਕ 'ਤੇ ਡਿੱਗ ਜਾਂਦੇ ਹਨ। ਉਧਰ ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ 'ਤੇ ਹੀ ਗੱਡੀ ਛੱਡ ਕੇ ਫ਼ਰਾਰ ਹੋਇਆ ਦੱਸਿਆ ਜਾ ਰਿਹਾ ਹੈ, ਪਰ ਇੰਨ੍ਹਾਂ ਤਸਵੀਰਾਂ ਤੋਂ ਪਤਾ ਚੱਲ ਰਿਹਾ ਕਿ ਕਿਸ ਤਰ੍ਹਾਂ ਤੇਜ਼ ਰਫ਼ਤਾਰ 'ਚ ਜਗਾੜੂ ਰੇਹੜੀ ਨੂੰ ਟੱਕਰ ਮਾਰੀ ਗਈ ਹੈ।
ਜਾਨੀ ਨੁਕਸਾਨ ਤੋਂ ਬਚਾਅ, ਤਿੰਨ ਜ਼ਖ਼ਮੀ:ਗਨੀਮਤ ਰਹੀ ਕਿ ਇਸ ਹਾਦਸੇ 'ਚ ਕਿਸੇ ਤਰਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਤਾਂ ਉਥੇ ਹੀ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਭਰਤੀ ਕਰਵਾਇਆ ਗਿਆ, ਜਿਥੇ ਡਾਕਟਰ ਨੇ ਦੱਸਿਆ ਕਿ ਉਨ੍ਹਾਂ ਕੋਲ ਸੜਕ ਹਾਦਸੇ 'ਚ ਜ਼ਖ਼ਮੀ ਤਿੰਨ ਸ਼ਖ਼ਸ ਲਿਆਂਦੇ ਗਏ ਹਨ। ਜਿੰਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਹੁਣ ਉਹ ਖ਼ਤਰੇ ਤੋਂ ਬਾਹਰ ਹਨ। ਡਾਕਟਰ ਨੇ ਦੱਸਿਆ ਕਿ ਹਾਦਸੇ ਸਬੰਧੀ ਐਮਐਲਆਰ ਕੱਟ ਕੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਅਗਲੀ ਕਾਰਵਾਈ ਪੁਲਿਸ ਵਲੋਂ ਹੀ ਕੀਤੀ ਜਾਵੇਗੀ।
ਪਹਿਲਾਂ ਵੀ ਹੋ ਚੁੱਕੇ ਕਈ ਹਾਦਸੇ:ਕਾਬਿਲੇਗੌਰ ਹੈ ਕਿ ਇਸ ਸੜਕ ਉੱਪਰ ਪਹਿਲਾ ਵੀ ਕਈ ਹਾਦਸੇ ਹੋ ਚੁੱਕੇ ਹਨ ਅਤੇ ਕਿਤੇ ਨਾ ਕਿਤੇ ਤੇਜ਼ ਰਫ਼ਤਾਰੀ ਇਨ੍ਹਾਂ ਦੁਰਘਟਨਾਵਾਂ ਦੇ ਕਾਰਨ ਬਣਦੇ ਰਹਿੰਦੇ ਹਨ। ਉਥੇ ਹੀ ਅਨੰਦਪੁਰ ਸਹੀਬ ਨੰਗਲ ਮੁੱਖ ਮਾਰਗ 'ਤੇ ਪਿੰਡ ਅਜ਼ੋਲੀ ਕੋਲ ਸੜਕ ਦਾ ਕੰਮ ਚਲ ਰਿਹਾ ਹੈ। ਇਸ ਦੇ ਨਾਲ ਹੀ ਸੀ.ਸੀ.ਟੀ.ਵੀ ਵਿਚ ਵੀ ਸਾਫ ਦਿਖਾਈ ਦੇ ਰਿਹਾ ਹੈ ਕਿ ਰਿਕਸ਼ਾ ਵਾਲਾ ਜਿਸ ਸਥਾਨ 'ਤੇ ਸੜਕ ਦਾ ਕੰਮ ਚਲ ਰਿਹਾ ਹੈ, ਉਹ ਆਪਣੇ ਰਿਕਸ਼ਾ ਨਾਲ ਏਰੀਆ ਪਾਰ ਕਰ ਚੁੱਕਾ ਹੈ ਅਤੇ ਦੂਜੇ ਪਾਸੇ ਤੋਂ ਆਉਂਦੀ ਤੇਜ਼ ਰਫ਼ਤਾਰ ਕਾਰ ਚਾਲਕ ਆਪਣੀ ਗੱਡੀ ਨੂੰ ਸੰਭਾਲ ਨਾ ਸਕਿਆ, ਜਿਸ ਦੇ ਚੱਲਦੇ ਜਗਾੜੂ ਰੇਹੜੀ ਨੂੰ ਟੱਕਰ ਮਾਰ ਦਿੱਤੀ।ਦੂਜੇ ਪਾਸੇ ਲੋਕਾਂ ਦਾ ਕਹਿਣਾ ਕਿ ਸੜਕ ਦਾ ਧੀਮੀ ਗਤੀ ਵਿੱਚ ਚੱਲ ਰਿਹਾ ਕੰਮ ਵੀ ਇੰਨ੍ਹਾਂ ਦੁਰਘਟਨਾਵਾਂ ਦਾ ਕਾਰਨ ਬਣ ਰਹੇ ਹਨ।