ਸ੍ਰੀ ਅਨੰਦਪੁਰ ਸਾਹਿਬ : ਖਾਲਸਾ ਪੰਥ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਸਿੱਖਾਂ ਦੇ ਕੌਮੀ ਤਿਉਹਾਰ ਹੋਲਾ ਮਹੱਲੇ ਦੇ ਚੱਲਦੇ ਸ੍ਰੀ ਕੀਰਤਪੁਰ ਸਾਹਿਬ ਵਿਖੇ ਸੰਗਤ ਦੀ ਆਮਦ ਰਹੀ। ਦੇਸ਼-ਵਿਦੇਸ਼ ਤੋਂ ਇਲਾਵਾ ਪੰਜਾਬ ਦੇ ਕੋਨੇ-ਕੋਨੇ ਤੋਂ ਸੰਗਤ ਇੱਥੇ ਪਹੁੰਚ ਕੇ ਨਤਮਸਤਕ ਹੋ ਰਹੀ ਹੈ। ਧਾਰਮਿਕ ਸਥਾਨਾਂ 'ਤੇ ਮੱਥਾ ਟੇਕ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾ ਰਹੀਆਂ ਹਨ।
ਵੱਖ-ਵੱਖ ਗੁਰੂ ਘਰਾਂ 'ਚ ਸੰਗਤ ਹੋ ਰਹੀ ਨਤਮਸਤਕ :ਇਸ ਦੌਰਾਨ ਸੰਗਤ ਨੇ ਗੁਰਦੁਆਰਾ ਸ਼੍ਰੀ ਪਤਾਲਪੁਰੀ ਸਾਹਿਬ, ਗੁਰਦੁਆਰਾ ਬਾਬਾ ਗੁਰਦਿੱਤਾ ਜੀ, ਦਰਗਾਹ ਪੀਰ ਸਾਈਂ ਬਾਬਾ ਬੁੱਢਣ ਸ਼ਾਹ ਜੀ, ਡੇਰਾ ਬਾਬਾ ਸ਼੍ਰੀ ਚੰਦ ਜੀ, ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ, ਗੁਰਦੁਆਰਾ ਕੋਟ ਸਾਹਿਬ ਵਿਖੇ ਮੱਥਾ ਟੇਕਿਆ। ਗੁਰਦੁਆਰਾ ਚਰਨ ਕੰਵਲ ਸਾਹਿਬ, ਗੁਰਦੁਆਰਾ ਬਿਬਨ ਗੜ੍ਹ ਸਾਹਿਬ, ਇਸ ਦੌਰਾਨ ਸਮਾਜ ਸੇਵੀ ਸੰਸਥਾਵਾਂ ਅਤੇ ਧਾਰਮਿਕ ਜੱਥੇਬੰਦੀਆਂ ਨਾਲ ਜੁੜੀ ਸੰਗਤ ਵੱਲੋਂ ਕਈ ਥਾਵਾਂ 'ਤੇ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾਏ ਗਏ ਸਨ। ਦੂਰੋਂ ਆਈ ਸੰਗਤ ਨੇ ਬੜੀ ਸ਼ਰਧਾ ਭਾਵਨਾ ਨਾਲ ਲੰਗਰ ਛੱਕਿਆ।
ਸਜੀਆਂ ਦੁਕਾਨਾਂ ਖਿੱਚ ਦਾ ਕੇਂਦਰ : ਇਸ 6 ਰੋਜ਼ਾ ਜੋੜ ਮੇਲੇ ਦੇ ਦੂਜੇ ਦਿਨ ਵੀ ਜਿੱਥੇ ਲੱਖਾਂ ਦੀ ਗਿਣਤੀ ਵਿੱਚ ਸੰਗਤ ਮੱਥਾ ਟੇਕਣ ਲਈ ਪੁੱਜੀ, ਉੱਥੇ ਹੀ ਵਪਾਰੀਆਂ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਦੁਕਾਨਾਂ ਸਜਾਈਆਂ ਗਈਆਂ ਹਨ, ਤਾਂ ਜੋ ਸੰਗਤ ਕੋਈ ਯਾਦ ਇੱਥੋਂ ਆਪਣੇ ਨਾਲ ਲੈ ਜਾ ਸਕੇ। ਇਨ੍ਹਾਂ ਵਿੱਚ ਗੁਰੂ ਘਰ ਦੇ ਪ੍ਰਸ਼ਾਦ ਤੋਂ ਇਲਾਵਾ ਬੱਚਿਆਂ ਲਈ ਖਿਡੌਣੇ, ਔਰਤਾਂ ਸ਼ਿੰਗਾਰ ਦੀਆਂ ਵਸਤੂਆਂ, ਖਾਣ-ਪੀਣ ਦੀਆਂ ਵਸਤੂਆਂ ਤੋਂ ਇਲਾਵਾ ਲੋਕਾਂ ਦੇ ਘਰਾਂ ਦੀਆਂ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਸਜਾਈਆਂ ਗਈਆਂ ਹਨ।ਸ਼ਰਧਾਲੂਆਂ ਵੱਲੋਂ ਭਾਰੀ ਉਤਸ਼ਾਹ ਨਾਲ ਖਰੀਦਦਾਰੀ ਕੀਤੀ ਜਾ ਰਹੀ ਹੈ।