ਰੋਪੜ:ਜ਼ਿਲ੍ਹੇ ਦੇ ਬਲੱਡ ਬੈਂਕ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋ ਪਿਛਲੀ ਕਾਂਗਰਸ ਸਰਕਾਰ ਦੇ ਸਮੇਂ ਤੋਂ ਹੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਵਿੱਚ ਵੀ ਮਸ਼ੀਨ ਦੀ ਮੰਗ ਰੱਖੀ ਗਈ ਹੈ, ਪਰ ਡੇਂਗੂ ਦੇ ਸੀਜਨ ਵੀ ਸਰਕਾਰਾਂ ਨੇ ਇਸ ਮੰਗ 'ਤੇ ਗ਼ੌਰ ਨਹੀਂ ਫ਼ਰਮਾਈ। ਰੋਪੜ ਜਿਲੇ ਵਿੱਚ ਇਕ ਵੀ ਏ-ਫੇਰਸਿਸ Apheresis ਮਸ਼ੀਨ ਸਰਕਾਰੀ ਹਸਪਤਾਲਾਂ ਵਿੱਚ ਉਪਲੱਬਧ ਨਹੀਂ ਹੈ ਜਿਸ ਕਾਰਨ ਮਰੀਜ਼ ਨੂੰ ਨਿੱਜੀ ਹਸਪਤਾਲਾਂ ਵਿੱਚ ਜਾ ਕੇ 11 ਤੋਂ 12 ਹਜ਼ਾਰ ਰੁਪਏ ਖਰਚ ਕਰ ਪਲੇਟਲੇਟਸ ਦਾ ਇਕ ਯੂਨਿਟ ਮਿਲਦਾ ਹੈ।
ਰੋਪੜ ਦੇ ਵਿੱਚ ਡੈਂਗੂ ਦੀ ਬਿਮਾਰੀ ਨੇ ਵੱਡੀ ਗਿਣਤੀ ਵਿੱਚ ਲੋਕਾ ਨੂੰ ਆਪਣੀ ਗ੍ਰਿਫ਼ਤ ਵਿੱਚ ਲਿਆ ਹੋਇਆ ਹੈ ਜਿਸ ਕਾਰਨ ਖ਼ੂਨ ਵਿੱਚੋਂ ਨਿਕਲਣ ਵਾਲੇ ਪਲੇਟਲੇਟਸ ਜਾਂ ਪਲਾਜ਼ਮਾ ਦੀ ਵਧੇਰੇ ਜ਼ਰੂਰਤ ਪੈ ਰਹੀ ਹੈ। ਪਰ, ਇੰਨੀ ਵੱਡੀ ਮਾਤਰਾ ਵਿੱਚ ਪਲੇਟਲੇਟਸ ਜਾਂ ਪਲਾਜ਼ਮਾ ਨਾਂ ਮਿਲਣ ਕਾਰਨ ਮਰੀਜ਼ਾਂ ਨੂੰ ਸਰਕਾਰੀ ਸਿਸਟਮ ਛੱਡ ਨਿੱਜੀ ਅਦਾਰਿਆਂ ਦਾ ਸਹਾਰਾ ਲੈਣਾ ਪੈ ਰਿਹਾ। ਇਸ ਨਾਲ ਮਰੀਜ਼ ਨੂੰ ਵਾਧੂ ਆਰਥਿਕ ਬੋਝ ਦੇ ਨਾਲ ਨਾਲ ਪਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਇਸ ਮੌਸਮ ਦੌਰਾਨ ਡੇਂਗੂ ਦੇ ਮਰੀਜ਼ਾਂ ਦੀ ਭਰਮਾਰ ਹੈ। ਡੇਂਗੂ ਤੋ ਪੀੜਤ ਜਿਨਾ ਮਰੀਜ਼ਾਂ ਦੇ ਸ਼ਰੀਰ ਵਿੱਚ ਪਲੇਟਲੇਟਸ ਦੀ ਕਮੀ ਆ ਜਾਂਦੀ ਹੈ, ਤਾਂ ਡਾਕਟਰ ਮਰੀਜ਼ ਨੂੰ ਜਾਨ ਬਚਾਉਣ ਲਈ ਪਲੇਟਲੇਟਸ ਜਾਂ ਪਲਾਜ਼ਮਾ ਦਾ ਇੰਤਜਾਮ ਕਰਨ ਦੀ ਸਲਾਹ ਦਿੰਦੇ ਹਨ।