ਰੂਪਨਗਰ: ਰੋਪੜ ਦੀ ਥਰਮਲ ਪਲਾਂਟ ਵਿਚਲੇ ਸਰਕਾਰੀ ਹਾਈ ਸਕੂਲ ਨੂੰ ਵੇਚਣ ਦਾ ਇਸ਼ਤਿਹਾਰ ਅਖ਼ਵਾਰ 'ਚ ਆਇਆ ਸੀ। ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮ ਹੋ ਗਈ। ਵਿਰੋਧੀ ਪਾਰਟੀ ਨਵੀਂ ਸਰਕਾਰ 'ਤੇ ਨਿਸ਼ਾਨਾ ਸਾਧ ਰਹੀਆਂ ਹਨ।
ਸ਼੍ਰੋਮਣੀ ਅਕਾਲੀ ਦਲ ਨੇ ਚੁੱਕੇ ਸਵਾਲ: ਸਕੂਲ ਦੀ ਨੀਲਾਮੀ ਦੇ ਇਸ਼ਤਿਹਾਰ ’ਤੇ ਬਵਾਲ ਸ਼ੁਰੂ ਹੋ ਚੁੱਕਾ ਹੈ। ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਵੱਲੋਂ ਸਕੂਲ ਦੀ ਨੀਲਾਮੀ ’ਤੇ ਸਵਾਲ ਚੁੱਕੇ ਗਏ ਹਨ। ਨਾਲ ਹੀ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ।
ਮਿਆਰੀ ਸਿੱਖਿਆ ਦਾ ਵਾਅਦਾ ਭੁੱਲੀ ਆਪ :ਸਾਬਕਾ ਸਿੱਖਿਆ ਮੰਤਰੀ ਤੇ ਅਕਾਲੀ ਦਲ ਦੇ ਮੁੱਖ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਇਹ ਦਿੱਲੀ ਮਾਡਲ ਦੀ ਸ਼ੁਰੂਆਤ ਹੈ ਕਿ ਜਿਹੜਾ ਸਰਕਾਰੀ ਅਦਾਰਾ ਜਿਸਦਾ ਬਹੁਤ ਵਧੀਆ ਬੁਨਿਆਦੀ ਢਾਂਚਾ ਹੈ। ਉਸਦੀ ਨਿਲਾਮੀ ਰੱਖ ਦਿੱਤੀ ਹੈ। ਉਹਨਾਂ ਕਿਹਾ ਕਿ ਉਹ ਮੀਡੀਆ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਇਹ ਚੇਤੇ ਕਰਵਾਉਂਦੇ ਹਨ ਕਿ ਉਹਨਾਂ ਨੇ ਮਿਆਰੀ ਸਿੱਖਿਆ ਦਾ ਵਾਅਦਾ ਕੀਤਾ ਸੀ। ਇਹ ਇਹੀ ਵਾਅਦਾ ਲਾਗੂ ਕਰਨ ਦਾ ਤਰੀਕਾ ਹੈ।
ਵਿਦਿਆ ਦੇ ਮੰਦਰ ਨੂੰ ਵੇਚਣ ਦਾ ਫੈਸਲਾ ਗਲਤ: ਉਹਨਾਂ ਕਿਹਾ ਕਿ ਇਹ ਸਕੂਲ ਸਿੱਖਿਆ ਵਿਭਾਗ ਦੇ ਅਧੀਨ ਲਿਆ ਜਾਵੇ ਤੇ ਇਹ ਸਕੂਲ ਰੋਪੜ ਵਿਚ ਪੱਕੇ ਤੌਰ 'ਤੇ ਚਲਾਇਆ ਜਾਵੇ। ਉਹਨਾਂ ਕਿਹਾ ਕਿ ਸਕੂਲ ਸੜਕ ਦੇ ਉਪਰ ਤੇ ਦੋਵੇਂ ਪਾਸੇ ਸੜਕਾਂ ਲੱਗਦੀਆਂ ਹਨ। ਸਰਕਾਰ ਇਕ ਪਾਸੇ ਗੇਟ ਲਗਾ ਕੇ ਇਸ ਇਮਾਰਤ ਦੀ ਵਰਤੋਂ ਕਰ ਸਕਦੀ ਹੈ। ਪਰ ਵਿਦਿਆ ਦੇ ਮੰਦਰ ਨੂੰ ਵੇਚਣ ਦਾ ਫੈਸਲਾ ਬਹੁਤ ਗਲਤ ਹੈ। ਉਹਨਾਂ ਕਿਹਾ ਕਿ ਇਸ ਸਕੂਲ ਵਿਚ ਸਿਰਫ ਕਲੌਨੀ ਦੇ ਬੱਚੇ ਹੀ ਨਹੀਂ ਬਲਕਿ ਆਲੇ ਦੁਆਲੇ ਦੇ ਪਿੰਡਾਂ ਦੇ ਬੱਚੇ ਵੀ ਪੜ੍ਹਦੇ ਹਨ। ਉਹਨਾਂ ਕਿਹਾ ਕਿ ਜੇਕਰ ਸਰਕਾਰ ਥਰਮਲ ਪਲਾਂਟ ਬੰਦ ਕਰਨਾ ਚਾਹੁੰਦੀ ਹੈ ਤਾਂ ਫਿਰ ਕਿਸਾਨਾਂ ਨੁੰ ਉਹਨਾਂ ਦੀ ਜ਼ਮੀਨ ਵਾਪਸ ਕਰੇ।