ਨੰਗਲ: ਊਨਾ-ਚੰਡੀਗੜ੍ਹ ਮੁੱਖ ਮਾਰਗ 'ਤੇ 50 ਸਾਲਾਂ ਤੋਂ ਸਥਿਤ ਕੁਸ਼ਟ ਆਸ਼ਰਮ ਨੂੰ ਪ੍ਰਸ਼ਾਸਨ ਨੇ ਭਾਰੀ ਪੁਲਿਸ ਬਲ ਨਾਲ ਧੱਕੇਸ਼ਾਹੀ ਕਰਦੇ ਹੋਏ ਖਾਲੀ ਕਰਵਾ ਲਿਆ। ਦਸਣਯੋਗ ਹੈ ਕਿ ਇਹ ਆਸ਼ਰਮ ਨੰਗਲ ਵਿਖੇ ਚੱਲ ਰਹੇ ਫਲਾਈਓਵਰ ਦੇ ਰਸਤੇ ਵਿੱਚ ਆ ਜਾਣ ਕਾਰਨ ਖਾਲੀ ਕਰਵਾਇਆ ਗਿਆ ਹੈ। ਸ਼ਨੀਵਾਰ ਨੂੰ ਵੱਡੀ ਗਿਣਤੀ ਵਿੱਚ ਤੈਨਾਤ ਪੁਲਿਸ ਬਲ ਨੇ ਪੂਰੀ ਤਰ੍ਹਾਂ ਆਸ਼ਰਮ ਨੂੰ ਆਪਣੇ ਕਬਜ਼ੇ ਹੇਠ ਲਿਆ ਹੋਇਆ ਸੀ ਅਤੇ ਕਿਸੇ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਸੀ। ਪੁਲਿਸ ਦੀ ਇਸ ਕਾਰਵਾਈ ਦੇ ਵਿਰੋਧ ਵਿੱਚ ਸ਼ਿਵ ਸੈਨਾ ਨੇ ਪ੍ਰਸ਼ਾਸਨ ਵਿਰੁੱਧ ਨਾਹਰੇਬਾਜ਼ੀ ਵੀ ਕੀਤੀ।
ਆਸ਼ਰਮ ਖਾਲੀ ਕਰਵਾਏ ਜਾਣ ਕਾਰਨ ਕੁਸ਼ਟ ਆਸ਼ਰਮ ਵਿੱਚ ਰਹਿਣ ਵਾਲੇ ਲੋਕਾਂ ਨੂੰ ਚਿੰਤਾ ਸਤਾ ਰਹੀ ਹੈ ਕਿ ਉਨ੍ਹਾਂ ਦਾ ਆਉਣ ਵਾਲੇ ਸਮੇਂ ਵਿੱਚ ਕੀ ਬਣੇਗਾ।ਇਸ ਮੌਕੇ ਕੁਸ਼ਟ ਰੋਗੀ ਬੁਧੀਆ ਨੇ ਕਿਹਾ ਕਿ ਆਸ਼ਰਮ ਵਿੱਚ 30 ਦੇ ਕਰੀਬ ਕੁਸ਼ਟ ਰੋਗੀਆਂ ਦੇ ਪਰਿਵਾਰ ਰਹਿੰਦੇ ਹਨ। ਉਸ ਨੇ ਕਿਹਾ ਕਿ ਪੁਲਿਸ ਨੇ ਡੰਡੇ ਦੇ ਜ਼ੋਰ 'ਤੇ ਧੱਕੇਸ਼ਾਹੀ ਕਰਦੇ ਹੋਏ ਇਹ ਆਸ਼ਰਮ ਖਾਲੀ ਕਰਵਾਇਆ ਹੈ। ਉਸ ਨੇ ਕਿਹਾ ਕਿ ਨਾ ਤਾਂ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਕੋਈ ਪਹਿਲਾਂ ਆਸ਼ਰਮ ਖਾਲੀ ਕਰਨ ਬਾਰੇ ਕਿਹਾ ਹੈ। ਉਸ ਨੇ ਕਿਹਾ ਕਿ ਪੁਲਿਸ ਨੇ ਇਸ ਦੌਰਾਨ ਕੁਸ਼ਟ ਰੋਗੀਆਂ ਦੀ ਭਾਰੀ ਕੁੱਟਮਾਰ ਵੀ ਕੀਤੀ।
ਨੰਗਲ ਪ੍ਰਸ਼ਾਸਨ ਨੇ ਭਾਰੀ ਪੁਲਿਸ ਬਲ ਹੇਠ ਖਾਲੀ ਕਰਵਾਇਆ ਕੁਸ਼ਟ ਆਸ਼ਰਮ ਬੁਧੀਆ ਨੇ ਦੱਸਿਆ ਕਿ ਉਹ ਆਸ਼ਰਮ ਵਿੱਚ ਪਰਿਵਾਰਾਂ ਸਮੇਤ ਲਗਭਗ ਪਿਛਲੇ ਪੰਜਾਹ ਸਾਲਾਂ ਤੋਂ ਇਥੇ ਰਹਿ ਰਹੇ ਹਨ। ਆਸ਼ਰਮ ਦੇ ਲੋਕ ਕੁਸ਼ਟ ਰੋਗ ਨਾਲ ਗ੍ਰਸਤ ਹਨ ਅਤੇ ਕੋਈ ਵੀ ਕੰਮ ਕਰਨ ਵਿੱਚ ਅਸਮਰਥ ਹਨ ਅਤੇ ਘਰ-ਘਰ ਜਾ ਕੇ ਮੰਗ ਕੇ ਆਪਣਾ ਗੁਜ਼ਾਰਾ ਕਰਦੇ ਹਨ। ਪਰ ਵਾਰ-ਵਾਰ ਪ੍ਰਸ਼ਾਸਨ ਨੂੰ ਅਪੀਲਾਂ ਦੇ ਬਾਵਜੂਦ ਨਾ ਹੀ ਕੋਈ ਜ਼ਮੀਨ ਦਿਤੀ ਹੈ ਅਤੇ ਨਾ ਹੀ ਕੋਈ ਮਕਾਨ ਬਣਾ ਕੇ ਦਿੱਤੇ ਜਾ ਰਹੇ ਹਨ।
ਆਸ਼ਰਮ ਦੇ ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਆਸ਼ਰਮ ਖਾਲੀ ਕਰਨ ਤੋਂ ਪਹਿਲਾਂ ਮਕਾਨ ਬਣਾ ਕੇ ਦਿੱਤੇ ਜਾਣ।
ਉਧਰ, ਕੁ਼ਸ਼ਟ ਆਸ਼ਰਮ ਖਾਲੀ ਕਰਵਾਉਣ ਦੇ ਵਿਰੋਧ ਵਿੱਚ ਸ਼ਿਵ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਨਿਤਿਨ ਨੰਦਾ ਸਾਥੀਆਂ ਸਮੇਤ ਪੁੱਜੇ ਅਤੇ ਨਾਹਰੇਬਾਜ਼ੀ ਸ਼ੁਰੂ ਕਰ ਦਿੱਤੀ। ਪੁਲਿਸ ਨੇ ਉਨ੍ਹਾਂ ਨੂੰ ਅੰਦਰ ਜਾਣ ਤੋਂ ਰੋਕਦੇ ਹੋਏ ਗ੍ਰਿਫ਼ਤਾਰ ਕਰ ਲਿਆ।
ਕੁਸ਼ਟ ਆਸ਼ਰਮ ਖਾਲੀ ਕਰਵਾਏ ਜਾਣ ਬਾਰੇ ਐਸਡੀਐਮ ਕਨੂੰ ਗਰਗ ਨੇ ਕਿਹਾ ਕਿ ਪੁਲਿਸ ਵੱਲੋਂ ਕਿਸੇ ਵੀ ਪ੍ਰਕਾਰ ਦਾ ਬਲ ਪ੍ਰਯੋਗ ਨਹੀਂ ਕੀਤਾ ਗਿਆ। ਉਨ੍ਹਾਂ ਭਰੋਸਾ ਦਿੱਤਾ ਕਿ ਕੁਸ਼ਟ ਆਸ਼ਰਮ ਦੇ ਲੋਕਾਂ ਨੂੰ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਬੀਬੀਐਮਬੀ ਨੇ ਆਸ਼ਰਮ ਦੇ ਲੋਕਾਂ ਨੂੰ ਰਹਿਣ ਲਈ ਨੰਗਲ ਨਜ਼ਦੀਕ ਜ਼ਮੀਨ ਦਿੱਤੀ ਹੈ, ਜਿਥੇ ਛੇਤੀ ਹੀ ਮਕਾਨ ਵੀ ਬਣਾ ਦਿੱਤੇ ਜਾਣਗੇ।