ਰੋਪੜ: ਇਸ ਵਾਰ ਖ਼ਾਲਸਾਈ ਸ਼ਾਨੋ-ਸ਼ੌਕਤ ਦਾ ਪ੍ਰਤੀਕ ਹੋਲਾ-ਮੁਹੱਲਾ ਇੱਕ ਹੋਰ ਘਟਨਾ ਕਰਕੇ ਬਹੁਤ ਜ਼ਿਆਦਾ ਸੁਰਖੀਆਂ ਵਿੱਚ ਰਿਹਾ ਜੋ ਸੀ ਨਿਹੰਗ ਪ੍ਰਦੀਪ ਸਿੰਘ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕੀਤਾ ਜਾਣਾ। ਜ਼ਿਕਰਯੋਗ ਹੈ ਕਿ ਹੋਲੇ-ਮਹੱਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਹੁੱਲੜਬਾਜੀ ਕਰਦੇ ਹੋਏ ਨੌਜਵਾਨਾਂ ਨੂੰ ਰੋਕਣ ਲਈ ਆਪਸ ਵਿੱਚ ਦੋ ਗੁੱਟਾਂ ਵਿਚਕਾਰ ਤਕਰਾਰ ਹੋ ਗਈ ਅਤੇ ਇਸ ਤਕਰਾਰ ਦੌਰਾਨ ਨਿਹੰਗ ਪ੍ਰਦੀਪ ਸਿੰਘ ਦੇ ਉੱਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਗਿਆ ਅਤੇ ਨਿਹੰਗ ਸਿੰਘ ਦੀ ਮੌਤ ਹੋ ਗਈ। ਮਾਮਲੇ ਵਿੱਚ ਪੁਲਿਸ ਨੇ ਕਈ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ।
ਅਸਥੀਆਂ ਜਲਪ੍ਰਵਾਹ:ਦੱਸ ਦਈਏ ਅੱਜ ਮ੍ਰਿਤਕ ਪ੍ਰਦੀਪ ਦਾ ਪਰਿਵਾਰ ਸ੍ਰੀ ਕੀਰਤਪੁਰ ਸਾਹਿਬ ਵਿਖੇ ਸਥਿਤ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਅਸਥੀਆਂ ਵਹਾਉਣ ਲਈ ਪਹੁੰਚਿਆ। ਇਸ ਮੌਕੇ ਪਰਿਵਾਰ ਨੇ ਭਰੀਆਂ ਅੱਖਾਂ ਨਾਲ ਮ੍ਰਿਤਕ ਪੁੱਤਰ ਦੀਆਂ ਅੰਤਿਮ ਰਸਮਾਂ ਅਤੇ ਅੰਤਿਮ ਅਰਦਾਸ ਕਰਵਾਈ ਅਤੇ ਇਸ ਤੋਂ ਮਗਰੋਂ ਦਰਿਆ ਵਿੱਚ ਅਸਥੀਆਂ ਨੂੰ ਵਹਾ ਦਿੱਤਾ ਗਿਆ। ਮ੍ਰਿਤਕ ਦੇ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੇ ਮਾਮਲੇ ਅਤੇ ਘਟਨਾਕ੍ਰਮ ਵਿੱਚ ਸ਼੍ਰੋਮਣੀ ਕਮੇਟੀ ਨੇ ਮਦਦ ਕੀਤੀ ਹੈ। ਪਰਿਵਾਰਕ ਮੈਂਬਰਾਂ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦੀ ਇੱਕ ਮੀਟਿੰਗ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਵੀ ਹੋਈ ਹੈ ਅਤੇ ਉਹਨਾਂ ਦੇ ਘਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਹਾਜ਼ਰੀ ਲਗਵਾਈ ਸੀ। ਪਰਿਵਾਰ ਨੇ ਕਿਹਾ ਕਿ ਪ੍ਰਦੀਪ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਅਤੇ ਇਸ ਸਬੰਧੀ ਉਨ੍ਹਾਂ ਨੂੰ ਐੱਸਜੀਪੀਸੀ ਵੱਲੋਂ ਭਰੋਸਾ ਵੀ ਦਿਵਾਇਆ ਗਿਆ ਹੈ। ਉਨ੍ਹਾਂ ਕਿਹਾ ਇਸ ਮੁੱਦੇ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਵੀ ਗੱਲ ਕੀਤੀ ਜਾਵੇਗੀ।