ਨੂਰਪੁਰਬੇਦੀ: ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਅਤੇ ਸਾਬਕਾ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਅੱਜ ਨੂਰਪੁਰਬੇਦੀ ਵਿਖੇ ਪਹੁੰਚੇ ਜਿਥੇ ਉਨ੍ਹਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਸਾਨੀ ਸੰਘਰਸ਼ ਦੇ ਮੁੱਦੇ 'ਤੇ ਮੋਦੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਜੇਕਰ ਸਭ ਤੋਂ ਜ਼ਿਆਦਾ ਹੋਈ ਹੈ ਤਾਂ ਉਹ ਕਿਸਾਨਾਂ ਦਾ ਮੁੱਦਾ ਹੈ, ਉਨ੍ਹਾਂ ਕਿਹਾ ਕਿ ਹੁਣ ਵੀ ਕਿਸਾਨੀ ਦੇ ਮੁੱਦੇ 'ਤੇ ਮੋਦੀ ਸਾਹਿਬ ਨੂੰ ਜ਼ਿੱਦ ਨਹੀਂ ਕਰਨੀ ਚਾਹੀਦੀ ਅਤੇ ਖੇਤੀ ਕਾਨੂੰਨਾਂ ਨੂੰ ਜਲਦ ਤੋਂ ਜਲਦ ਵਾਪਸ ਲੈਣਾ ਚਾਹੀਦਾ ਹੈ।
ਭਾਜਪਾ ਆਗੂ ਤਰੁਣ ਚੁੱਘ ਵੱਲੋਂ ਪੰਜਾਬ ਦੇ ਵਿੱਚ ਇੱਕ ਸੌ ਸਤਾਰਾਂ ਸੀਟਾਂ ਤੇ ਉੱਪਰ ਭਾਜਪਾ ਵੱਲੋਂ ਚੋਣ ਲੜਨ ਅਤੇ ਚੋਣ ਜਿੱਤਣ ਦੇ ਦਾਅਵੇ ਦੇ ਸਬੰਧ ਵਿੱਚ ਬੋਲਦਿਆਂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਚੋਣ ਲੜਨਾ ਹਰ ਇੱਕ ਪਾਰਟੀ ਦਾ ਅਧਿਕਾਰ ਹੈ ਪਰ ਤਰਨ ਚੁੱਘ ਨੂੰ ਚਾਹੀਦਾ ਹੈ ਕਿ ਉਹ ਦਿੱਲੀ 'ਚ ਬੈਠ ਕੇ ਅਜਿਹੇ ਬਿਆਨ ਦੇਣ ਦੀ ਥਾਂ ਪੰਜਾਬ ਦੇ ਵਿੱਚ ਆ ਕੇ ਪਿੰਡਾਂ ਦੇ 'ਚ ਜਾਣ ਤਾਂ ਜੋ ਉਨ੍ਹਾਂ ਨੂੰ ਅਸਲ ਸਥਿਤੀ ਦੇ ਬਾਰੇ ਗਿਆਨ ਹੋ ਸਕੇ। ਉਧਰ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਗੁਰਦੁਆਰਾ ਰਕਾਬ ਗੰਜ ਸਾਹਿਬ ਦਿੱਲੀ ਵਿਖੇ ਮੱਥਾ ਟੇਕ ਕੇ ਜਾਣ ਦੇ ਸਬੰਧ 'ਚ ਬੋਲਦਿਆਂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਗੁਰੂ ਘਰ ਦੇ ਦਰਵਾਜ਼ੇ ਹਰ ਵਿਅਕਤੀ ਦੇ ਲਈ ਖੁੱਲ੍ਹੇ ਹਨ ਅਤੇ ਜੇਕਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਉਥੇ ਨਤਮਸਤਕ ਹੋਣ ਚਲੇ ਗਏ ਹਨ ਉਨ੍ਹਾਂ ਦੇ ਲਈ ਵੀ ਗੁਰੂਘਰ ਹਮੇਸ਼ਾਂ ਖੁੱਲ੍ਹਾ ਹੈ। ਹਰਿਆਣਾ ਦੇ ਭਾਜਪਾ ਦੇ ਆਗੂਆਂ ਵੱਲੋਂ ਐੱਸਵਾਈਐੱਲ ਦੇ ਮੁੱਦੇ ਤੇ ਭੁੱਖ ਹੜਤਾਲ ਰੱਖੇ ਜਾਣ ਦੇ ਮਾਮਲੇ 'ਤੇ ਬੋਲਦਿਆਂ ਡਾ. ਚੀਮਾ ਨੇ ਕਿਹਾ ਕਿ ਹਰਿਆਣਾ ਦੇ ਭਾਜਪਾ ਆਗੂਆਂ ਵੱਲੋਂ ਬੇਹੱਦ ਬਚਕਾਨਾ ਹਰਕਤ ਕੀਤੀ ਗਈ ਹੈ ਅਤੇ ਉਨ੍ਹਾਂ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਹੈ ਕਿ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਵੰਡਿਆ ਜਾਵੇ ਪਰ ਇਸ ਤੋਂ ਪਹਿਲਾਂ ਕਿ ਪੰਜਾਬ ਦੇ ਕਿਸਾਨ ਹਰਿਆਣਾ ਭਾਜਪਾ ਦੇ ਆਗੂਆਂ ਦੀ ਇਸ ਹਰਕਤ ਦਾ ਜੁਆਬ ਦਿੰਦੇ ਹਰਿਆਣਾ ਦੇ ਕਿਸਾਨਾਂ ਨੇ ਫਤਿਹਾਬਾਦ ਦੇ ਵਿੱਚ ਭਾਜਪਾ ਦੇ ਆਗੂਆਂ ਦਾ ਜ਼ਬਰਦਸਤ ਵਿਰੋਧ ਕਰ ਕੇ ਇਹ ਦੱਸ ਦਿੱਤਾ ਕਿ ਕਿਸਾਨੀ ਮੁੱਦੇ ਦੇ ਉੱਤੇ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਇਕਜੁੱਟ ਹਨ। ਉਧਰ ਬੀਤੇ ਕੱਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਦੇ 'ਚ ਬੇਰੁਜ਼ਗਾਰ ਅਧਿਆਪਕਾਂ ਦੇ ਉੱਪਰ ਪੁਲਸੀਆ ਤਸ਼ੱਦਦ ਦੇ ਮਾਮਲੇ ਵਿੱਚ ਬੋਲਦਿਆਂ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਦੇ ਆਪਣੇ ਸ਼ਹਿਰ ਦੇ 'ਚ ਪੁਲਿਸ ਵੱਲੋਂ ਜਿਸ ਤਰੀਕੇ ਨਾਲ ਬੇਰੁਜ਼ਗਾਰ ਅਧਿਆਪਕਾਂ ਨੂੰ ਲਾਠੀਆਂ ਨਾਲ ਕੁੱਟਿਆ ਗਿਆ ਹੈ ਉਸ ਦੀ ਉਹ ਸਖ਼ਤ ਸ਼ਬਦਾਂ ਵਿਚ ਨਿੰਦਿਆ ਕਰਦੇ ਹਨ।