ਸ੍ਰੀ ਅਨੰਦਪੁਰ ਸਾਹਿਬ : ਬੀਤੇ ਕਈ ਦਿਨਾਂ ਤੋਂ ਭਾਖੜਾ ਬਿਆਸ ਪ੍ਰਬੰਧਕ ਬੋਰਡ ਦਰਿਆ ਸਤਲੁਜ ਵਿੱਚ ਪਾਣੀ ਛੱਡ ਰਿਹਾ ਹੈ। ਇਸ ਕਾਰਨ ਜ਼ਿਲ੍ਹਾ ਰੂਪਨਗਰ ਦੇ ਕਈ ਪਿੰਡਾਂ ਦੀ ਜ਼ਮੀਨ ਦਰਿਆ ਵਿੱਚ ਹੜ੍ਹ ਰਹੀ ਹੈ। ਹੁਣ ਹਲਾਤ ਇਹ ਬਣ ਗਏ ਹਨ ਕਿ ਸਤਲੁਜ ਦੇ ਪਾਣੀ ਨੇ ਪਿੰਡ ਹਰਸਾਬੇਲਾ ਦੇ ਘਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਸਤਲੁਜ ਦਰਿਆ ਦਾ ਪਾਣੀ ਪਿੰਡ ਹਰਸਾਬੇਲਾ ਦੇ ਹਰਨੇਕ ਸਿੰਘ ਦੇ ਘਰ ਦੇ ਬਿਲਕੁਲ ਨਾਲ ਆ ਗਿਆ ਹੈ। ਇਸ ਕਾਰਨ ਹਰਨੇਕ ਸਿੰਘ ਨੂੰ ਆਪਣਾ ਮਾਲ-ਡੰਗਰ ਲੈ ਕੇ ਘਰ ਨੂੰ ਛੱਡਣਾ ਪਿਆ ਹੈ। ਪਿੰਡ ਵਾਸੀਆਂ ਨੇ ਇਸ ਤਰ੍ਹਾਂ ਦੇ ਹਾਲਾਤ ਬਣਨ ਦਾ ਕਾਰਨ ਦਰਿਆ ਵਿੱਚ ਹੋ ਰਹੀ ਨਜਜਾਇਜ਼ ਮਾਈਨਿੰਗ ਨੂੰ ਦੱਸਿਆ ਹੈ।
ਆਪਣੇ ਘਰ ਦੇ ਨਜ਼ਦੀਕ ਪਹੁੰਚੇ ਦਰਿਆ ਦੇ ਪਾਣੀ ਨੂੰ ਵੇਖਦੇ ਹੋਏ ਹਰਨੇਕ ਸਿੰਘ ਨੇ ਦੱਸਿਆ ਕਿ ਉਸ ਨੇ ਆਪਣਾ ਘਰ ਦੋ ਸਾਲ ਪਹਿਲਾਂ ਹੀ ਬਣਾਇਆ ਸੀ। ਹੁਣ ਹਾਲਾਤ ਇਹ ਹਨ ਕਿ ਦਰਿਆ ਵਿੱਚ ਹੋਈ ਰਹੀ ਨਜ਼ਾਇਜ ਮਾਈਨਿੰਗ ਦੇ ਕਾਰਨ ਤੇ ਬੀਬੀਐੱਮਬੀ ਵੱਲੋਂ ਛੱਡੇ ਪਾਣੀ ਕਾਰਨ ਉਸ ਦਾ ਘਰ ਕਿਸੇ ਵੇਲੇ ਵੀ ਦਰਿਆ ਵਿੱਚ ਰੁੜ੍ਹ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਬੀਤੇ ਸਾਲ ਆਏ ਹੜ੍ਹਾਂ ਵੇਲੇ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੇ ਘਰ ਨੰ ਬਚਾਉਣ ਲਈ ਬੰਨ੍ਹ ਬਣਾਇਆ ਜਾਵੇਗਾ ਪਰ ਹਾਲੇ ਤੱਕ ਕਦੀ ਕਿਸੇ ਨੇ ਉਸ ਦੀ ਸਾਰ ਨਹੀਂ ਲਈ।
ਪਿੰਡ ਦੇ ਬਜ਼ੁਰਗ ਦਰਸ਼ਨ ਸਿੰਘ ਨੇ ਦੱਸਿਆ ਕਿ 1988 ਵਿੱਚ ਆਏ ਹੜ੍ਹ ਨੇ ਉਨ੍ਹਾਂ ਦੇ ਪਿੰਡ ਦਾ ਇੰਨਾ ਨੁਕਸਾਨ ਨਹੀਂ ਕੀਤਾ ਸੀ। ਜਿਨ੍ਹਾਂ ਨੁਕਸਾਨ ਪਿਛਲੇ ਸਾਲ ਆਏ ਹੜ੍ਹਾਂ ਨੇ ਪਿੰਡਾਂ ਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਦਰਿਆ ਵਿੱਚ ਅੰਨ੍ਹੇ ਵਾਹ ਹੋ ਰਹੀ ਮਾਈਨਿੰਗ ਨੇ ਦਰਿਆ ਦਾ ਨੁਕਸਾਨ ਕੀਤਾ ਹੈ, ਜਿਸ ਕਾਰਨ ਹੁਣ ਉਨ੍ਹਾਂ ਦੇ ਪਿੰਡ 'ਤੇ ਵੀ ਦਰਿਆ ਵਿੱਚ ਰੁੜ੍ਹ ਜਾਣ ਦਾ ਖ਼ਤਰਾ ਬਣਿਆ ਹੋਇਆ ਹੈ।