ਪੰਜਾਬ

punjab

ETV Bharat / state

ਬਰਸਾਤਾਂ ਤੋਂ ਪਹਿਲਾਂ ਸਤਲੁਜ ਵਹਾਉਣ ਲੱਗਿਆ ਉਪਜਾਊ ਜ਼ਮੀਨ - Sutlej water

ਭਾਖੜਾ ਡੈਮ ਵਿੱਚੋਂ ਸਤਲੁਜ ਦਰਿਆ ਵਿੱਚ ਛੱਡੇ ਗਏ ਪਾਣੀ ਨੇ ਇੱਕ ਵਾਰ ਮੁੜ ਰੂਪਨਗਰ ਜ਼ਿਲ੍ਹੇ ਦੇ ਦਰਿਆ ਨਾਲ ਲੱਗਦੇ ਪਿੰਡਾਂ ਦੀ ਜ਼ਮੀਨ ਨੂੰ ਖੋਰਾ ਲਾਇਆ ਹੈ। ਪ੍ਰਸ਼ਾਸਨ ਵੱਲੋਂ ਦਰਿਆ 'ਤੇ ਬੰਨ ਲਗਾਉਣ ਦਾ ਕੰਮ ਬਹੁਤ ਸੁਸਤ ਰਫਤਾਰ ਨਾਲ ਚੱਲ ਰਿਹਾ ਹੈ।

Sutlej water damages land in Ropar villages
ਬਰਸਾਤਾਂ ਤੋਂ ਪਹਿਲਾਂ ਸਤਲੁਜ ਵਹਾਉਣ ਲੱਗਿਆ ਉਪਜਾਊ ਜ਼ਮੀਨ

By

Published : Jul 3, 2020, 8:07 PM IST

ਸ੍ਰੀ ਅਨੰਦਪੁਰ ਸਾਹਿਬ: ਸਤਲੁਜ ਦਰਿਆ ਹਰ ਵਾਰ ਹੀ ਆਪਣੇ ਰੁਖ 'ਚ ਤਬਦੀਲੀ ਕਰਦਾ ਹੈ। ਇਸ ਤਬਦੀਲੀ ਦਾ ਸ਼ਿਕਾਰ ਹੁੰਦੇ ਨੇ ਦਰਿਆ ਦੇ ਕੰਡੇ ਨਾਲ ਲੱਗੇ ਪਿੰਡ ਜਿਨ੍ਹਾਂ ਨੂੰ ਹੜ੍ਹਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਵਾਰ ਵੀ ਜਿਵੇਂ ਹੀ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਨੇ ਅਚਨਚੇਤ ਸਤਲੁਜ ਦਰਿਆ ਵਿੱਚ ਪਾਣੀ ਛੱਡਿਆ ਤਾਂ ਰੂਪਨਗਰ ਜ਼ਿਲ੍ਹੇ ਦੇ ਪਿੰਡ ਹਰੀਵਾਲ, ਮਹਿੰਦਲੀ ਕਲਾਂ, ਬੱਲੋਵਾਲ ਅਤੇ ਨਿੱਕੂਵਾਲੀ ਦੀ ਉਪਜਾਊ ਜ਼ਮੀਨ ਨੂੰ ਆਪਣੇ ਨਾਲ ਰੋੜ੍ਹਣਾ ਸ਼ੁਰੂ ਕਰ ਦਿੱਤਾ।

ਬਰਸਾਤਾਂ ਤੋਂ ਪਹਿਲਾਂ ਸਤਲੁਜ ਵਹਾਉਣ ਲੱਗਿਆ ਉਪਜਾਊ ਜ਼ਮੀਨ

ਇਸ ਬਾਰੇ ਇਲਾਕੇ ਦੇ ਕਿਸਾਨਾਂ ਨੇ ਕਿਹਾ ਕਿ ਭਾਖੜਾ ਡੈਮ 'ਚੋਂ ਸਤਲੁਜ ਦਰਿਆ ਵਿੱਚ ਛੱਡੇ ਥੋੜ੍ਹੇ ਪਾਣੀ ਨੇ ਹੀ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ । ਇਸ ਨਾਲ ਕਿਸਾਨਾਂ ਨੂੰ ਹੁਣ ਨਿੱਤ ਦਿਨ ਰੁੜ੍ਹਦੀ ਇਸ ਜ਼ਮੀਨ ਦਾ ਖ਼ਤਰਾ ਆਪਣੇ ਪਿੰਡਾਂ ਵੱਲ ਨੂੰ ਵੱਧਦਾ ਵਿਖਾਈ ਦੇ ਰਿਹਾ ਹੈ।

ਇਸ ਨੂੰ ਲੈ ਕੇ ਇਨ੍ਹਾਂ ਪਿੰਡਾਂ ਦੇ ਲੋਕਾਂ ਨੇ ਸਥਾਨਕ ਪ੍ਰਸ਼ਾਸਨ ਤੇ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਉਹ ਜਲਦ ਤੋਂ ਜਲਦ ਪਾਣੀ ਵਿੱਚ ਰੁੜ੍ਹ ਰਹੀ ਜ਼ਮੀਨ ਨੂੰ ਰੋਕਣ ਲਈ ਪ੍ਰਬੰਧ ਕਰੇ। ਕਿਸਾਨਾਂ ਨੇ ਦੱਸਿਆ ਕਿ ਪਿਛਲੇ ਦਿਨੀਂ ਡਿਪਟੀ ਕਮਿਸ਼ਨਰ ਰੂਪਨਗਰ ਨੇ ਸਤਲੁਜ ਦਰਿਆ ਕੰਢੇ ਵੱਸਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਸੀ ਅਤੇ ਜਲਦੀ ਬੰਨ੍ਹ ਬਣਾਉਣ ਦਾ ਕੰਮ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਸੀ। ਇਸ ਦੇ ਬਾਵਜੂਦ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕੰਮ ਬਹੁਤ ਹੀ ਸੁਸਤੀ ਨਾਲ ਹੋ ਰਹਾ ਹੈ ਅਤੇ ਨਾ ਹੀ ਕੋਈ ਵੱਡਾ ਅਧਿਕਾਰੀ ਕੰਮ ਨੂੰ ਵੇਖਣ ਆ ਰਿਹਾ। ਕਿਸਾਨਾਂ ਨੇ ਕਿਹਾ ਮਨਰੇਗਾ ਮਜ਼ਦੂਰਾਂ ਵੱਲੋ ਰੁੱਖ ਕੱਟ ਕੇ ਖਾਰ ਨੂੰ ਰੋਕਣ ਦਿ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਸਾਨਾਂ ਨੇ ਮੰਗ ਕੀਤੀ ਇਸ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇ।

ਇਸ ਬਾਰੇ ਐੱਸਡੀਐੱਮ ਅਨੰਦਪੁਰ ਸਾਹਿਬ ਕੰਨੂ ਗਰਗ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਡਰੇਨੇਜ ਵਿਭਾਗ ਤੇ ਨਰੇਗਾ ਮੁਲਾਜ਼ਮਾਂ ਨਾਲ ਮਿਲ ਕੇ ਕੰਮ ਕਰ ਰਹੇ ਹਨ। ਸਰਕਾਰ ਵੱਲੋਂ ਫੰਡ ਵੀ ਆ ਗਿਆ ਹੈ ਅਤੇ 15 ਜੁਲਾਈ ਤੋ ਪਹਿਲਾਂ ਕੰਮ ਪੂਰਾ ਕਰ ਲਿਆ ਜਾਵੇਗਾ।

ਇਥੇ ਇਹ ਕਾਬਲ-ਏ-ਗੌਰ ਹੈ ਕਿ ਬੀਤੇ ਵਰ੍ਹੇ ਵੀ ਬੀਬੀਐੱਮਬੀ ਵੱਲੋਂ ਬਿਨ੍ਹਾਂ ਢੁਕਵੇਂ ਪ੍ਰਬੰਧਾਂ ਦੇ ਡੈਮ 'ਚੋਂ ਪਾਣੀ ਸਤਲੁਜ ਦਰਿਆ 'ਚ ਛੱਡਿਆ ਗਿਆ ਸੀ। ਇਸ ਪਾਣੀ ਨੇ ਦਰਿਆ ਨਾਲ ਲੱਗਦੇ ਸਾਰੇ ਜ਼ਿਲ੍ਹਿਆਂ 'ਚ ਹੜ੍ਹਾਂ ਦੀ ਭਿਆਨਕ ਸਥਿਤੀ ਪੈਦਾ ਕਰ ਦਿੱਤੀ ਸੀ। ਇਸ ਵਾਰ ਮੁੜ ਬਰਸਾਤ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ ਅਤੇ ਬੀਬੀਐੱਮਬੀ ਵੱਲੋਂ ਦਰਿਆ 'ਚ ਅਚਨਚੇਤ ਪਾਣੀ ਛੱਡਣ ਦਿੱਤਾ ਗਿਆ ਹੈ। ਇਸ ਦੇ ਉਲਟ ਸਥਾਨਕ ਪ੍ਰਸ਼ਾਸਨ ਦੇ ਪ੍ਰਬੰਧ ਮੁਕੰਮਲ ਨਹੀਂ ਹਨ। ਇਹ ਸਾਰੀ ਸਥਿਤੀ ਸਥਾਨਿਕ ਲੋਕਾਂ ਲਈ ਵੱਡੀ ਸਿਰਦਰਦੀ ਬਣੀ ਹੋਈ ਹੈ। ਪ੍ਰਸ਼ਾਸਨ ਅਤੇ ਬੀਬੀਐੱਮਬੀ ਨੂੰ ਚਾਹੀਦਾ ਹੈ ਕਿ ਆਪਸ 'ਚ ਤਾਲਮੇਲ ਬੈਠਾ ਕੇ ਕੰਮ ਕਰਨ ਤਾਂ ਜੋ ਕਿਸਾਨਾਂ ਦੀ ਸੋਨੇ ਵਰਗੇ ਉਪਜਾਊ ਜ਼ਮੀਨ ਨੂੰ ਰੁੜ੍ਹਣ ਤੋਂ ਬਚਾਇਆ ਜਾ ਸਕੇ ਅਤੇ ਹੜ੍ਹਾਂ ਦੀ ਸਥਿਤੀ ਨੂੰ ਪੈਦਾ ਹੋਣ ਤੋਂ ਪਹਿਲਾਂ ਰੋਕਿਆ ਜਾ ਸਕੇ।

ABOUT THE AUTHOR

...view details