ਰੂਪਨਗਰ: ਪੰਜਾਬ ਵਿੱਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸੂਬੇ ਵਿੱਚ ਕਰਫਿਊ ਜਾਰੀ ਹੈ। ਇਸ ਦੌਰਾਨ ਰੂਪਨਗਰ ਜ਼ਿਲ੍ਹੇ ਵਿੱਚ ਕਾਫੀ ਗਿਣਤੀ 'ਚ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਨੌਜਵਾਨ ਲੜਕੇ-ਲੜਕੀਆਂ ਵੱਸੇ ਹੋਏ ਹਨ। ਜੋ ਕਿ ਸ਼ਹਿਰ ਵਿੱਚ ਛੋਟੀਆਂ ਮੋਟੀਆਂ ਕੰਪਨੀਆਂ ਵਿੱਚ ਨੌਕਰੀਆਂ ਕਰ ਆਪਣਾ ਗੁਜ਼ਾਰਾ ਕਰਦੇ ਹਨ।
ਇਨ੍ਹਾਂ ਚੋਂ ਕੁਝ ਵਿਦਿਆਰਥੀ ਵੀ ਹਨ, ਪਰ ਹੁਣ ਪੰਜਾਬ ਵਿੱਚ ਕਰਫਿਊ ਜਾਰੀ ਹੈ ਜਿਸ ਕਾਰਨ ਉਹ ਆਪਣੇ ਘਰ ਹਿਮਾਚਲ ਪ੍ਰਦੇਸ਼ ਨਹੀਂ ਜਾ ਸਕਦੇ। ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਕਰਫਿਊ ਦੌਰਾਨ ਬਾਹਰ ਜਾਣ ਵਾਸਤੇ ਈ-ਕਰਫਿਊ ਪਾਸ ਦੀ ਸੁਵਿਧਾ ਦਿੱਤੀ ਗਈ ਹੈ ਜਿਸ ਅਧੀਨ ਇਨ੍ਹਾਂ ਨੌਜਵਾਨ ਲੜਕੇ ਲੜਕੀਆਂ ਵੱਲੋਂ ਕਈ ਵਾਰ ਅਰਜੀ ਦਿੱਤੀ ਗਈ ਹੈ, ਪਰ ਹਰ ਵਾਰ ਇਨ੍ਹਾਂ ਦਾ ਕਰਫਿਊ ਪਾਸ ਖਾਰਜ ਹੋ ਜਾਂਦਾ ਹੈ। ਕਈਆਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜਦ ਤੱਕ ਉਨ੍ਹਾਂ ਦੇ ਘਰ ਪਰਤਣ ਦਾ ਪ੍ਰਬੰਧ ਨਹੀਂ ਹੋਵੇਗਾ ਉਦੋਂ ਤੱਕ ਉਹ ਰੋਟੀ ਵੀ ਨਹੀਂ ਖਾਣਗੇ।