ਰੋਪੜ: ਪੋਲੀਓ ਵਰਗੀ ਨਾਮੁਰਾਦ ਬਿਮਾਰੀ ਤੋਂ ਬਚਾਉੁਣ ਲਈ 0-5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਉਣ ਲਈ ਮਿਤੀ 19 ਜਨਵਰੀ ਤੋਂ 21 ਜਨਵਰੀ 2020 ਤੱਕ ਦੇਸ਼ ਵਿਆਪੀ ਐਨ.ਆਈ.ਡੀ ਪਲਸ ਪੋਲੀਓ ਮੁਹਿੰਮ ਆਰੰਭੀ ਜਾ ਰਹੀ ਹੈ।
ਇਸ ਮੁਹਿੰਮ ਨੂੰ ਰੂਪਨਗਰ ਜਿਲ੍ਹੇ ਵਿੱਚ ਅਸਰਦਾਰ ਢੰਗ ਨਾਲ ਚਲਾਉਣ ਲਈ ਸਮੂਹ ਵਿਭਾਗਾਂ ਦੇ ਅਧਿਕਾਰੀ ਆਪਣਾ ਸਹਿਯੋਗ ਦੇਣ ਤਾਂ ਜੋ 0 ਤੋਂ 5 ਸਾਲ ਤੱਕ ਦਾ ਕੋਈ ਵੀ ਬੱਚਾ ਪੋਲੀਓ ਬੂੰਦਾਂ ਪੀਣ ਤੋ ਵਾਂਝਾ ਨਾ ਰਹੇ। ਰੂਪਨਗਰ ਦੀ ਡਿਪਟੀ ਕਮਿਸ਼ਨਰ ਸੁਮੀਤ ਜਾਰੰਗਲ (ਆਈ.ਏ.ਐਸ.) ਵੱਲੋਂ ਜਿਲ੍ਹਾ ਟਾਸਕ ਫੋਰਸ ਇਮੂਨਾਇਜੇਸ਼ਨ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੋਲੀਓ ਮੁਹਿੰਮ ਦੀ ਸਫਲਤਾ ਲਈ ਹਰ ਪੱਧਰ ਤੇ 100 ਫੀਸਦੀ ਕਵਰੇਜ ਕਰਨ ਨੂੰ ਯਕੀਨੀ ਬਣਾਉਣ ਲਈ ਸਮੂਹ ਪੰਚਾਇਤਾਂ, ਡੀ.ਈ.ਓਜ਼ (ਪ੍ਰਇਮਰੀ , ਸੈਕੰਡਰੀ), ਪੇਂਡੂ ਵਿਕਾਸ ਵਿਭਾਗ, ਟਰਾਸਪੋਰਟ ਵਿਭਾਗ, ਪੁਲਿਸ ਵਿਭਾਗ, ਫੂਡ ਅਤੇ ਸਿਵਲ ਸਪਲਾਈ ਵਿਭਾਗ, ਇਸਤਰੀ ਤੇ ਬਾਲ ਵਿਕਾਸ ਵਿਭਾਗ ਤੋਂ ਇਲਾਵਾ ਐਨ.ਜੀ.ਓਜ਼ ਵੱਲੋਂ ਸਿਹਤ ਵਿਭਾਗ ਨਾਲ ਤਾਲਮੇਲ ਕਰਕੇ ਇਸ ਮੁਹਿੰਮ ਨੂੰ ਨੇਪਰੇ ਚਾੜ੍ਹਿਆ ਜਾਵੇ। ਉਹਨਾਂ ਕਿਹਾ ਕਿ ਝੁੱਗੀਆਂ ਝੋਪੜੀਆਂ, ਸਰਾਂ, ਧਰਮਸ਼ਾਲਵਾਂ, ਭੱਠਿਆ ਤੇ ਰਹਿਣ ਵਾਲੇ ਬੱਚਿਆਂ ਖਾਸ ਤੋਰ ਤੇ ਕਵਰ ਕੀਤਾ ਜਾਵੇ ਅਤੇ ਕੋਈ ਵੀ ਬੱਚਾ ਬੂੰਦਾ ਪੀਣ ਤੋਂ ਵਾਂਝਾ ਨਾ ਰਹੇ।
ਇਸ ਮੌਕੇ ਸਿਵਲ ਸਰਜਨ, ਰੂਪਨਗਰ ਡਾ: ਐਚ.ਐਨ.ਸ਼ਰਮਾ ਨੇ ਦੱਸਿਆ ਕਿ ਪੋਲੀਓ ਮੁਹਿੰਮ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਪੋਲੀਓ ਮੁਹਿੰਮ ਨੂੰ ਅਸਰਦਾਰ ਢੰਗ ਨਾਲ ਲਾਗੂ ਕਰਨ ਲਈ ਜਿਲ੍ਹੇ ਦੀ ਲਗਭਗ ਕੁੱਲ ਅਬਾਦੀ 715596 ਦੇ 143725 ਘਰਾਂ ਦੇ 63944 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ। ਪਹਿਲੇ ਦਿਨ ਬੂਥ ਡੇਅ ਅਤੇ ਬਾਅਦ ਦੇ ਦਿਨਾਂ ਦੌਰਾਨ ਘਰ-ਘਰ ਪਹੁੰਚ ਕਰਕੇ ਬੱਚਿਆਂ ਨੂੰ ਪੋਲੀਓ ਰੌਧਕ ਬੂੰਦਾਂ ਪਿਲਾਈਆਂ ਜਾਣਗੀਆ।
ਇਸ ਤੋਂ ਇਲਾਵਾ ਜਿਲ੍ਹੇ ਦੇ 68 ਭੱਠਿਆਂ, 4657 ਝੁੱਗੀਆਂ, 95 ਟੱਪਰੀਵਾਸਾਂ ਦੇ ਟਿਕਾਣਿਆਂ, 03 ਨਿਰਮਾਣ ਅਧੀਨ ਖੇਤਰ ਅਤੇ 29 ਹਾਇਰਿਸਕ ਇਲਾਕਿਆਂ ਨੂੰ ਕਵਰ ਕੀਤਾ ਜਾਵੇਗਾ। ਇਸ ਦੇ ਨਾਲ ਹੀ ਵੱਖ-ਵੱਖ ਥਾਵਾਂ ਤੇ 256 ਬੂਥ ਲਗਾਏ ਜਾਣਗੇ ਅਤੇ 23 ਮੋਬਾਇਲ ਟੀਮਾਂ ਦੇ ਨਾਲ 23 ਟਰਾਂਜਿਟ ਟੀਮਾਂ ਵੀ ਤੈਨਾਤ ਰਹਿਣਗੀਆਂ। ਇਸ ਮੁਹਿੰਮ ਲਈ 59 ਸੁਪਰਵਾਇਜਰ ਵੀ ਲਗਾਏ ਗਏ ਹਨ।