ਰੂਪਨਗਰ: ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਵੱਖ- ਵੱਖ ਮੁੱਦਿਆਂ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ।
ਭਾਜਪਾ ਦੀ ਬਿਆਨਬਾਜ਼ੀ 'ਤੇ ਉਠਾਏ ਸਵਾਲ
ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਕਿਸਾਨ ਜਥੇਬੰਦੀਆਂ ਵੱਲੋਂ ਵਿੱਢੇ ਗਏ ਕਿਸਾਨੀ ਸੰਘਰਸ਼ 'ਤੇ ਅੱਪਤੀਜਨਕ ਟਿੱਪਣੀਆਂ ਕੀਤੀਆਂ। ਉਨ੍ਹਾਂ ਨੇ ਕਿਹਾ ਕਿ ਇਹ ਜਥੇਬੰਦੀਆਂ ਦੇ ਆਗੂ ਕਿਸਾਨਾਂ ਕੋਲੋਂ 200-400 ਰੁਪਏ ਲੈ ਕੇ ਆਪਣਾ ਗੁਜ਼ਰ ਬਸਰ ਕਰ ਰਹੇ ਹਨ, ਇਹ ਸੰਘਰਸ਼ ਚਲਾਉਣਾ ਇਨ੍ਹਾਂ ਦੀ ਆਰਥਿਕ ਮਜਬੂਰੀ ਹੈ। ਇਸ 'ਤੇ ਸਵਾਲ ਚੁੱਕਦਿਆਂ ਚੀਮਾ ਨੇ ਕਿਹਾ ਕਿ ਉਨ੍ਹਾਂ ਦੇ ਭੱਦੇ ਬਿਆਨ ਮਾਹੌਲ ਨੂੰ ਖਰਾਬ ਕਰ ਸਕਦੈ। ਇਹ ਉਹ ਕਮੇਟੀ ਦਾ ਹਿੱਸਾ ਹਨ ਜਿਨ੍ਹਾਂ ਕਿਸਾਨ ਜਥੇਬੰਦੀਆਂ ਨਾਲ ਗੱਲ ਕਰਨੀ ਹੈ।ਉਨ੍ਹਾਂ ਦੀ ਇਹ ਬਿਆਨਬਾਜ਼ੀ ਮਸਲੇ ਦਾ ਹੱਲ ਕੱਢਣ ਵਾਲੀ ਨਹੀਂ ਲੱਗ ਰਹੀ ਹੈ।
ਵੱਖ- ਵੱਖ ਮੁੱਦਿਆਂ 'ਤੇ ਬੋਲੇ ਡਾ. ਦਲਜੀਤ ਸਿੰਘ ਚੀਮਾ ਬੈਂਸ ਨੂੰ ਬਚਾਉਣ ਦੀ ਕੋਸ਼ਿਸ਼ 'ਚ ਕੈਪਟਨ
ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ 'ਤੇ ਸੰਗੀਨ ਜਬਰ ਜਨਾਹ ਦੇ ਦੋਸ਼ ਲੱਗੇ ਹਨ ਪਰ ਫੇਰ ਵੀ ਉਨ੍ਹਾਂ 'ਤੇ ਐਫਆਈਆਰ ਦਰਜ ਨਹੀਂ ਹੋਈ। ਇਸ ਸੰਬੰਧ 'ਚ ਚੀਮਾ ਦਾ ਕਹਿਣਾ ਸੀ ਕਿ ਅਜਿਹੇ ਸੰਗੀਨ ਮਾਮਲਿਆਂ 'ਚ ਸੁਪਰੀਮ ਕੋਰਟ ਦੇ ਨਿਯਮਾਂ ਮੁਤਾਬਕ ਵੀ ਸਭ ਤੋਂ ਪਹਿਲਾਂ ਐਫਆਈਆਰ ਦਰਜ ਕੀਤੀ ਜਾਂਦੀ ਹੈ ਤੇ ਫੇਰ ਮਾਮਲੇ ਦੀ ਜਾਂਚ ਹੁੰਦੀ ਹੈ। ਇੱਥੇ ਪੀੜਤਾ ਇਨਸਾਫ਼ ਦੀ ਮੰਗ ਕਰ ਰਹੀ ਹੈ ਪਰ ਅੱਜੇ ਤੱਕ ਮਾਮਲਾ ਵੀ ਦਰਜ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਬੈਂਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।
2022 ਦੀਆਂ ਚੋਣਾਂ
ਬੀਤੇ ਕੱਲ੍ਹ ਕੈਪਟਨ ਅਮਰਿੰਦਰ ਸਿੰਘ ਵੱਲੋ ਬਿਆਨ ਦਿੱਤਾ ਗਿਆ ਸੀ ਕਿ ਭਾਜਪਾ ਪੰਜਾਬ ਦੇ ਵਿੱਚ ਇਕੱਲਿਆਂ ਇੱਕ ਵੀ ਸੀਟ ਨਹੀਂ ਜਿੱਤ ਸਕਦੀ ਹੈ ਇਸ ਬਿਆਨ ਦੇ ਸੰਦਰਭ ਵਿਚ ਡਾ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਤਾਂ ਚੋਣਾਂ ਆਉਣ ਤੇ ਪਤਾ ਲੱਗ ਜਾਏਗਾ ਕਿ ਕੌਣ ਕਿੰਨੀਆਂ ਸੀਟਾਂ ਜਿੱਤਦਾ ਜਾਂ ਹਾਰਦਾ ਹੈ ਉਹ ਇਸ ਸੰਬੰਧੀ ਕਿਸੇ ਵੀ ਪਾਰਟੀ ਦੇ ਬਾਰੇ ਕੋਈ ਬਿਆਨ ਨਹੀਂ ਦੇਣਾ ਚਾਹੁੰਦੇ ਪਰੰਤੂ ਉਨ੍ਹਾਂ ਕਾਂਗਰਸ ਨੂੰ ਵੀ ਕਿਹਾ ਕਿ ਕਾਂਗਰਸ ਨੇ ਜਿਸ ਤਰੀਕੇ ਨਾਲ ਪਿਛਲੇ ਚਾਰ ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਰਾਜ ਕੀਤਾ ਹੈ ਕਾਂਗਰਸੀਆਂ ਦੀਆਂ ਵੀ ਜ਼ਮਾਨਤਾਂ ਪੰਜਾਬ ਦੇ ਲੋਕ ਜ਼ਬਤ ਕਰਵਾ ਦੇਣਗੇ ਇਹ ਗੱਲ ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ ਭੁੱਲਣੀ ਚਾਹੀਦੀ