ਰੂਪਨਗਰ: ਕੋਰੋਨਾ ਦੀ ਮਹਾਂਮਾਰੀ ਦੇ ਚੱਲਦਿਆਂ ਜਿੱਥੇ ਸੂਬੇ ਵਿੱਚ ਕਰਫਿਊ ਜਾਰੀ ਹੈ ਉੱਥੇ ਹੀ ਸਰਕਾਰ ਵੱਲੋਂ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਦੁਕਾਨਾਂ ਖੋਲ੍ਹਣ ਦੀ ਢਿੱਲ ਦਿੱਤੀ ਹੋਈ ਹੈ। ਲੋਕ ਜਦੋਂ ਬਾਜ਼ਾਰਾਂ ਵਿੱਚ ਸਕੂਟਰ-ਮੋਟਰਸਾਈਕਲ ਤੇ ਆਪਣਾ ਸਾਮਾਨ ਖ਼ਰੀਦਣ ਵਾਸਤੇ ਜਾਂਦੇ ਹਨ ਤਾਂ ਪੁਲਿਸ ਨੇ ਸ਼ਹਿਰ ਨੂੰ ਹਰ ਪਾਸੇ ਤੋਂ ਨਾਕੇਬੰਦੀ ਕਰਕੇ ਸੀਲ ਕੀਤਾ ਹੋਇਆ ਹੈ।
ਪੁਲਿਸ ਨਾਕਿਆਂ ਕਾਰਨ ਦੁਕਾਨਦਾਰ ਤੰਗ
ਰੂਪਨਗਰ ਵਿੱਚ ਕਰਫ਼ਿਊ ਦੀ ਢਿੱਲ ਦੇ ਦੌਰਾਨ ਬਾਜ਼ਾਰ ਦੇ ਸਾਰੇ ਪਾਸੇ ਲੱਗੇ ਪੁਲਿਸ ਨਾਕੇ ਦੁਕਾਨਦਾਰਾਂ ਲਈ ਸਿਰਦਰਦੀ ਬਣੇ ਹੋਏ ਹਨ। ਵਪਾਰ ਮੰਡਲ ਦੀ ਮੰਗ ਹੈ ਕਿ ਇਹ ਨਾਕੇ ਖ਼ਤਮ ਕੀਤੇ ਜਾਣ।
ਉਨ੍ਹਾਂ ਨੂੰ ਵਾਹਨ ਸਮੇਤ ਬਾਜ਼ਾਰ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਇਸ ਮਾਮਲੇ ਉੱਤੇ ਰੂਪਨਗਰ ਵਪਾਰ ਮੰਡਲ ਦੇ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਈਟੀਵੀ ਭਾਰਤ ਰਾਹੀਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਢਿੱਲ ਦੇ ਸਮੇਂ ਪੁਲਿਸ ਦੀ ਨਾਕੇਬੰਦੀ ਨੂੰ ਖ਼ਤਮ ਕੀਤਾ ਜਾਵੇ ਅਤੇ ਆਮ ਜਨਤਾ ਨੂੰ ਬਾਜ਼ਾਰਾਂ ਦੇ ਵਿੱਚ ਦੋ ਪਹੀਆ ਵਾਹਨ ਉੱਤੇ ਆਉਣ ਦੀ ਇਜਾਜ਼ਤ ਦਿੱਤੀ ਜਾਵੇ।
ਉਨ੍ਹਾਂ ਕਿਹਾ ਪਹਿਲਾਂ ਹੀ ਦੁਕਾਨਦਾਰਾਂ ਨੂੰ ਹਫ਼ਤੇ ਵਿੱਚ ਦੋ ਦਿਨ ਦੁਕਾਨ ਖੋਲ੍ਹਣ ਦੀ ਇਜਾਜ਼ਤ ਮਿਲੀ ਹੈ। ਇਸ ਕਰਕੇ ਦੁਕਾਨਦਾਰਾਂ ਨੂੰ ਅਤੇ ਆਮ ਜਨਤਾ ਨੂੰ ਰਾਹਤ ਦਿੱਤੀ ਜਾਵੇ। ਇਸ ਤੋਂ ਇਲਾਵਾ ਵਪਾਰ ਮੰਡਲ ਦੀ ਮੰਗ ਹੈ ਕਿ ਜੋ ਸ਼ਹਿਰ ਦੇ ਅੰਦਰ ਮਿਠਾਈ ਵਾਲੇ ਡੇਅਰੀ ਪ੍ਰੋਡਕਟਸ ਦੀ ਸੇਲ ਕਰਦੇ ਹਨ ਉਨ੍ਹਾਂ ਨੂੰ ਵੀ ਪ੍ਰਸ਼ਾਸਨ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦੇਵੇ।