ਰੂਪਨਗਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਭਰ ਵਿੱਚ ਸਿਹਤ ਸੇਵਾਵਾਂ, ਦਵਾਈਆਂ ਦੀਆਂ ਦੁਕਾਨਾਂ ਤੇ ਲੈਬਾਰਟਰੀਆਂ ਨੂੰ ਹਫ਼ਤੇ ਦੇ 7 ਦਿਨ 24 ਘੰਟੇ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ।
ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਹੁਣ ਆਮ ਦੁਕਾਨਦਾਰ ਵੀ ਵੀਕੈਂਡ ਲੌਕਡਾਊਨ ਅਤੇ ਸ਼ਾਮ ਨੂੰ ਸਾਢੇ ਛੇ ਵਜੇ ਦੁਕਾਨਾਂ ਬੰਦ ਕਰਨ ਦੇ ਸਮੇਂ ਵਿੱਚ ਤਬਦੀਲੀ ਦੀ ਮੰਗ ਕਰ ਰਹੇ ਹਨ।
ਰੋਪੜ ਦੇ ਇੱਕ ਦੁਕਾਨਦਾਰ ਜੋ ਪਲਾਸਟਿਕ ਅਤੇ ਕਰੋਕਰੀ ਦਾ ਹੋਲਸੇਲ ਦਾ ਕੰਮ ਕਰ ਰਹੇ ਹਨ ਉਨ੍ਹਾਂ ਅਨੁਸਾਰ ਜਿਸ ਤਰ੍ਹਾਂ ਸਰਕਾਰ ਨੇ ਮੈਡੀਕਲ ਸਟੋਰ ਅਤੇ ਸਿਹਤ ਸੇਵਾਵਾਂ ਨੂੰ ਹਫ਼ਤੇ ਦੇ ਸਾਰੇ ਦਿਨ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੈ, ਉਵੇਂ ਹੀ ਉਨ੍ਹਾਂ ਨੂੰ ਵੀ ਹਫ਼ਤੇ ਦੇ ਸਾਰੇ ਦਿਨ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ।
ਉਨ੍ਹਾਂ ਕਿਹਾ ਕਿ ਸ਼ਾਮ ਨੂੰ ਸਾਢੇ ਛੇ ਵਜੇ ਦੁਕਾਨਾਂ ਬੰਦ ਕਰਨ ਅਤੇ ਸਨਿੱਚਰਵਾਰ ਤੇ ਐਤਵਾਰ ਦੁਕਾਨਾਂ ਬੰਦ ਹੋਣ ਕਾਰਨ ਉਨ੍ਹਾਂ ਦਾ ਕੰਮ ਬਿਲਕੁਲ ਠੱਪ ਹੋ ਚੁੱਕਿਆ ਹੈ। ਰੋਪੜ ਵਿੱਚ ਕਰਿਆਨੇ ਦੀ ਦੁਕਾਨ ਦਾ ਕੰਮ ਕਰ ਰਹੇ ਇੱਕ ਦੁਕਾਨਦਾਰ ਦਾ ਮੰਨਣਾ ਹੈ ਕਿ ਸਨਿੱਚਰਵਾਰ ਤੇ ਐਤਵਾਰ ਦੁਕਾਨਾਂ ਬੰਦ ਰੱਖਣੀਆਂ ਸਹੀ ਫ਼ੈਸਲਾ ਹੈ ਤੇ ਸ਼ਾਮ ਸਾਢੇ ਛੇ ਵਜੇ ਵੀ ਦੁਕਾਨਾਂ ਨੂੰ ਬੰਦ ਕਰਨਾ ਵੀ ਸਰਕਾਰ ਦਾ ਸਹੀ ਫੈਸਲਾ ਹੈ ਕਿਉਂਕਿ ਇਸ ਨਾਲ ਕੋਰੋਨਾ ਤੋਂ ਬਚਣ ਵਿੱਚ ਮਦਦ ਮਿਲ ਰਹੀ ਹੈ।
ਕਰਿਆਨੇ ਦੀ ਦੁਕਾਨ ਉੱਤੇ ਆਏ ਇੱਕ ਗ੍ਰਾਹਕ ਦੇ ਅਨੁਸਾਰ ਲੌਕਡਾਊਨ ਲਗਾਉਣ ਨਾਲ ਕੁਝ ਨਹੀਂ ਹੋਣਾ ਕੋਰੋਨਾ ਉਵੇਂ ਦਾ ਉਵੇਂ ਹੀ ਹੈ ਇਹ ਤਾਂ ਹੌਲੀ ਹੌਲੀ ਆਪਣੇ ਆਪ ਹੀ ਖ਼ਤਮ ਹੋ ਜਾਣਾ ਹੈ। ਕੋਰੋਨਾ ਮਹਾਂਮਾਰੀ ਨੂੰ ਲੈ ਕੇ ਇਸ ਗ੍ਰਾਹਕ ਨੇ ਪਾਕਿਸਤਾਨ ਦਾ ਹਵਾਲਾ ਦਿੰਦੇ ਹੋਏ ਆਪਣਾ ਤਰਕ ਵੀ ਦੇ ਦਿੱਤਾ ਕਿ ਉੱਥੇ ਕੋਈ ਪਾਬੰਦੀਆਂ ਨਹੀਂ ਲੱਗੀਆਂ ਉੱਥੇ ਕੋਰੋਨਾ ਆਪਣੇ ਆਪ ਹੀ ਘੱਟ ਗਿਆ ਹੈ।