ਸ੍ਰੀ ਚਮਕੌਰ ਸਾਹਿਬ: 2022 ਦੀਆਂ ਵਿਧਾਨਸਭਾ ਚੌਣਾਂ ਲਈ ਅਕਾਲੀ ਦਲ ਵੱਲੋਂ ਉਮੀਦਵਾਰਾਂ ਦਾ ਵੱਡੇ ਪੱਧਰ ‘ਤੇ ਐਲਾਨ ਕੀਤੇ ਜਾਣ ਦੇ ਨਾਲ ਹੀ ਹਲਕਾ ਚਮਕੌਰ ਸਾਹਿਬ ਤੋਂ ਇਸ ਪਾਰਟੀ ਨਾਲ ਪਿਛਲੀ ਤਿੰਨ ਪੀੜ੍ਹੀਆਂ ਤੋਂ ਜੁੜੇ ਪਰਿਵਾਰ ਦੇ ਮੌਜੂਦਾ ਸਰਗਰਮ ਆਗੂ ਹਰਮੋਹਣ ਸਿੰਘ ਸੰਧੂ ਨੇ ਅਸਤੀਫਾ ਦੇ ਦਿੱਤਾ ਹੈ। ਬਸਪਾ ਨਾਲ ਗਠਜੋੜ ਤੋਂ ਬਾਅਦ ਅਕਾਲੀ ਦਲ ਨੇ ਕਈ ਸੀਟਾਂ ‘ਤੇ ਅਦਲਾ ਬਦਲੀ ਕੀਤੀ ਸੀ ਤੇ ਸ਼ਾਇਦ ਸੰਧੂ ਵੀ ਇਸੇ ਉਮੀਦ ਵਿੱਚ ਸਨ ਕਿ ਇਥੇ ਵੀ ਕੋਈ ਫੇਰ ਬਦਲ ਹੋ ਜਾਏ ਪਰ ਅਜਿਹਾ ਨਹੀਂ ਹੋਇਆ ਤੇ ਸੰਧੂ ਨੇ ਅਸਤੀਫਾ ਦੇ ਦਿੱਤਾ। ਦੂਜੇ ਪਾਸੇ ਬਸਪਾ ਕੋਲ ਇਥੋਂ ਪਹਿਲਾਂ ਵੀ ਮਜਬੂਤ ਉਮੀਦਵਾਰ ਨਹੀਂ ਸੀ ਤੇ ਹੁਣ ਇਹ ਵੇਖਣਾ ਹੋਵੇਗਾ ਕਿ ਪਾਰਟੀ ਪੁਰਾਣੇ ਚਿਹਰੇ ਰਾਜਾ ਨਰਿੰਦਰ ਸਿੰਘ ਨਨਹੇੜੀਆਂ ‘ਤੇ ਦਾਅ ਖੇਡਦੀ ਹੈ ਜਾਂ ਕੋਈ ਹੋਰ ਚਿਹਰਾ ਲਿਆਵੇਗੀ। ਬਸਪਾ ਨੂੰ ਅਕਾਲੀ ਦਲ ਤੋਂ ਮਦਦ ਦੀ ਭਰਪੂਰ ਉਮੀਦ ਹੈ।
ਕਈ ਸੀਟਾਂ ‘ਤੇ ਹੈ ਅਕਾਲੀ ਦਲ ਵਰਕਰਾਂ ‘ਚ ਨਰਾਜਗੀ
ਉਪਰੋਕਤ ਤੋਂ ਸਪਸ਼ਟ ਨਜਰ ਆ ਰਿਹਾ ਹੈ ਕਿ ਜਿਨ੍ਹਾਂ ਸੀਟਾਂ ‘ਤੇ ਅਕਾਲੀ ਦਲ ਮਜਬੂਤ ਸਥਿਤੀ ਵਿੱਚ ਰਿਹਾ ਹੈ, ਉਹ ਸੀਟਾਂ ਬਸਪਾ ਦੇ ਖਾਤੇ ਜਾਣ ਨਾਲ ਇਨ੍ਹਾਂ ਸੀਟਾਂ ‘ਤੇ ਅਕਾਲੀ ਆਗੂਆਂ ਵਿੱਚ ਨਰਾਜਗੀ ਜੱਗ ਜਾਹਰ ਹੈ ਤੇ ਉਂਜ ਵੀ ਕਈ ਸੀਟਾਂ ‘ਤੇ ਅੰਦਰੂਨੀ ਵਿਰੋਧ ਜਾਰੀ ਹੈ। ਉਧਰ ਮੁਹਾਲੀ ਸੀਟ ਹਾਲਾਂਕਿ ਪਿਛਲੇ ਡੇਢ ਦਹਾਕਿਆਂ ਤੋਂ ਭਾਵੇਂ ਅਕਾਲੀ ਦਲ ਜਿੱਤ ਦਰਜ ਨਹੀਂ ਕਰਵਾ ਸਕਿਆ ਹੈ ਪਰ ਐਂਤਕੀ ਇਥੋਂ ਅਕਾਲੀ ਦਲ ਨੇ ਬਸਪਾ ਨੂੰ ਸੀਟ ਦੇ ਕੇ ਸਾਰੇ ਅਕਾਲੀ ਆਗੂਆਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਵੇਲੇ ਇਸ ਹਲਕੇ ਤੋਂ ਅਕਾਲੀ ਦਲ ਦਾ ਉਮੀਦਵਾਰ ਨਾ ਹੋਣ ਕਾਰਨ ਵਰਕਰਾਂ ਵਿੱਚ ਨਿਰਾਸ਼ਾ ਹੈ। ਦੂਜੇ ਪਾਸੇ ਸੀਨੀਅਰ ਆਗੂ ਮਲੂਕਾ ਨੂੰ ਮਨਾਉਣ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਆਪ ਉਨ੍ਹਾਂ ਦੇ ਘਰ ਜਾਣਾ ਪਿਆ ਤੇ ਉਨ੍ਹਾਂ ਦੇ ਬੇਟੇ ਨੂੰ ਪਾਰਟੀ ਵਿੱਚ ਵੱਡਾ ਅਹੁਦਾ ਦੇਣ ‘ਤੇ ਹੀ ਮਲੂਕਾ ਚੋਣ ਲੜਨ ਲਈ ਰਾਜੀ ਹੋਏ। ਇਸ ਤੋਂ ਪਹਿਲਾਂ ਉਨ੍ਹਾਂ ਨੇ ਐਲਾਨੀ ਟਿਕਟ ਵਾਪਸ ਮੋੜ ਦਿੱਤੀ ਸੀ। ਅਕਾਲੀ ਦਲ ਨੂੰ ਇਸ ਤੋਂ ਪਹਿਲਾਂ ਆਪਣੇ ਪਰਿਵਾਰਕ ਮੈਂਬਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਤੋਂ ਵੀ ਨਰਾਜਗੀ ਝੱਲਣੀ ਪਈ ਸੀ, ਉਨ੍ਹਾਂ ਦਾ ਵਿਰਸਾ ਸਿੰਘ ਵਲਟੋਹਾ ਨਾਲ ਖੇਮਕਰਣ ਸੀਟ ਦਾ ਰੌਲਾ ਰਿਹਾ ਹੈ।
ਰੋਸ ਦੇ ਬਾਵਜੂਦ ਅਦਲਾ ਬਦਲੀ ‘ ਮਜਬੂਤ ਹੋ ਰਿਹੈ ਬਸਪਾ ਦਾ ਦੋਆਬਾ
ਦੋਆਬੇ ਵਿੱਚ ਬਹੁਜਨ ਸਮਾਜ ਪਾਰਟੀ ਮਜਬੂਤ ਸਥਿਤੀ ਵਿੱਚ ਰਹੀ ਹੈ। ਗਠਜੋੜ ਵਿੱਚ ਸੀਟਾਂ ਦੀ ਵੰਡ ਦੌਰਾਨ ਪਾਰਟੀ ਆਗੂਆਂ ਵੱਲੋਂ ਫਿਲੌਰ, ਬੰਗਾ ਤੇ ਆਦਮਪੁਰ ਸੀਟਾਂ ਦੀ ਮੰਗ ਕੀਤੀ ਗਈ ਤੇ ਇਸ ਨੂੰ ਲੈ ਕੇ ਪਾਰਟੀ ਵਿੱਚ ਅੰਦਰ ਖਾਤੇ ਅਜੇ ਵੀ ਵਿਰੋਧ ਜਾਰੀ ਹੈ। ਦੂਜੇ ਪਾਸੇ ਅਕਾਲੀ ਦਲ ਇਨ੍ਹਾਂ ਸੀਟਾਂ ‘ਤੇ ਆਪਣੇ ਮੌਜੂਦਾ ਵਿਧਾਇਕਾਂ ਖਹਿਰਾ, ਡਾਕਟਰ ਸੁੱਖੀ ਅਤੇ ਪਵਨ ਟੀਨੂੰ ਕਾਰਨ ਇਹ ਸੀਟਾਂ ਗੁਆਉਣਾ ਨਹੀਂ ਚਾਹੁੰਦਾ। ਸੂਤਰ ਦੱਸਦੇ ਹਨ ਕਿ ਭਾਰੀ ਵਿਰੋਧ ਉਪਰੰਤ ਆਦਮਪੁਰ ਤੇ ਬੰਗਾ ਵਿੱਚ ਬਸਪਾ ਵਰਕਰਾਂ ਤੇ ਆਗੂਆਂ ਦਾ ਵਿਰੋਧ ਕੁਝ ਹੱਦ ਤੱਕ ਸ਼ਾਂਤ ਹੋਇਆ ਹੈ ਪਰ ਫਿਲੌਰ ਸੀਟ ‘ਤੇ ਅਜੇ ਵੀ ਮੁਹਿੰਮ ਜਾਰੀ ਹੈ ਕਿ ਇਹ ਸੀਟ ਬਸਪਾ ਦੇ ਖਾਤੇ ਲਿਆਂਦੀ ਜਾਵੇ। ਹਾਲਾਂਕਿ ਭਾਜਪਾ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਏ ਅਨਿਲ ਜੋਸ਼ੀ ਲਈ ਅੰਮ੍ਰਿਤਸਰ ਉੱਤਰੀ ਅਤੇ ਸੂਜਾਨਪੁਰ ਸੀਟ ‘ਤੇ ਮਜਬੂਤ ਉਮੀਦਵਾਰ ਮਿਲਣ ਕਾਰਨ ਅਕਾਲੀ ਦਲ ਨੇ ਇਨ੍ਹਾਂ ਸੀਟਾਂ ‘ਤੇ ਬਸਪਾ ਨਾਲ ਅਦਲਾ ਬਦਲੀ ਕੀਤੀ ਹੈ। ਮਾਝੇ ਦੀਆਂ ਇਨ੍ਹਾਂ ਸੀਟਾਂ ਦੇ ਬਦਲੇ ਬਸਪਾ ਨੂੰ ਦੋਆਬੇ ਵਿੱਚ ਸ਼ਾਮ ਚੁਰਾਸੀ ਤੇ ਕਪੂਰਥਲਾ ਸੀਟਾਂ ਦੇ ਦਿੱਤੀਆਂ ਹਨ। ਇਸ ਨਾਲ ਦੋਆਬੇ ਵਿੱਚ ਬਸਪਾ ਆਪਣੇ ਆਪ ਨੂੰ ਮਜਬੂਤ ਮਹਿਸੂਸ ਕਰ ਰਹੀ ਹੈ।
ਟਕਸਾਲੀ ਪਰਿਵਾਰ ਨੇ ਅਕਾਲੀ ਦਲ ਤੋਂ ਤੋੜਿਆ ਰਿਸ਼ਤਾ
ਦੱਸ ਦਈਏ ਕਿ ਸਤਵੰਤ ਕੌਰ ਸੰਧੂ ਟਕਸਾਲੀ ਆਗੂ ਮੰਨੇ ਜਾਂਦੇ ਸਨ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਅਕਾਲੀ ਦਲ ਵੱਲੋਂ ਇਲਾਕੇ ਦੀ ਸੇਵਾ ਕਰਨ ਦੇ ਲਈ ਜੁਟਿਆ ਰਹਿੰਦਾ ਸੀ ਪਰ ਇਨ੍ਹਾਂ ਵਿਚਾਲੇ ਰਿਸ਼ਤੇ ’ਚ 2017 ਦੀਆਂ ਚੋਣਾਂ ’ਚ ਪਹਿਲੀ ਵਾਰ ਦਿਖਾਈ ਦਿੱਤਾ ਜਿੱਥੇ ਉਨ੍ਹਾਂ ਦੇ ਪਰਿਵਾਰ ਨੂੰ ਟਿਕਟ ਦਿੰਦੇ ਹੋਏ ਕਿਸੇ ਹੋਰ ਨੂੰ ਟਿਕਟ ਦੇ ਦਿੱਤੀ ਗਈ। ਸ੍ਰੀ ਚਮਕੌਰ ਸਾਹਿਬ ਵਿਧਾਨਸਭਾ ਸੀਟ ਟਕਸਾਲੀ ਪਰਿਵਾਰ ਸਤਵੰਤ ਕੌਰ ਸੰਧੂ ਪੰਜ ਵਾਰ ਵਿਧਾਇਕ ਅਤੇ ਦੋ ਵਾਰ ਮੰਤਰੀ ਰਹਿ ਚੁੱਕੇ ਹਨ। ਇਸ ਸੀਟ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ 2017 ਦੀਆਂ ਚੋਣਾਂ ਚ ਉਮੀਦਵਾਰ ਬਦਲਣ ਤੋਂ ਬਾਅਦ ਜਸਟਿਸ ਨਿਰਮਲ ਸਿੰਘ ਨੂੰ ਸੀਟ ’ਤੇ ਉਤਾਰਿਆ ਗਿਆ ਸੀ ਜਿਨ੍ਹਾਂ ਨੂੰ ਹਾਰ ਮਿਲੀ ਸੀ।