ਨੰਗਲ,ਰੋਪੜ:ਰੋਪੜ ਦੀ ਸਬ ਡਵੀਜ਼ਨ ਨੰਗਲ ਵਿੱਚ ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹੇ ਜਾਣ ਤੋਂ ਬਾਅਦ ਹੜ੍ਹ ਵਰਗੇ ਹਾਲਾਤ ਕਈ ਹੇਠਲੇ ਇਲਾਕਿਆਂ ਵਿੱਚ ਬਣੇ ਹੋਏ ਨੇ। ਹਰਸਾਬੇਲਾ ਅਤੇ ਹੋਰ ਨਜ਼ਦੀਕੀ ਪਿੰਡਾਂ ਦੇ ਲੋਕਾਂ ਦੀਆਂ ਫਸਲਾਂ ਅਤੇ ਘਰਾਂ ਨੂੰ ਪਾਣੀ ਨੇ ਬਰਬਾਦ ਕਰ ਦਿੱਤਾ ਹੈ। ਹੜ੍ਹ ਪੀੜਤਾਂ ਦਾ ਹਾਲ ਜਾਣਨ ਲਈ ਸਥਾਨਕ ਐੱਸਡੀਐੱਮ ਅਮਨਜੋਤ ਕੌਰ ਨੇ ਐੱਨਡੀਆਰਐੱਫ ਦੀ ਟੀਮ ਨੂੰ ਨਾਲ ਲੈਕੇ ਹੜ੍ਹ ਪੀੜਤਾਂ ਦਾ ਹਾਲ ਜਾਣਿਆ।
ਗਰਾਊਂਡ ਜ਼ੀਰੋ ਉੱਤੇ ਮੌਜੂਦ ਅਧਿਕਾਰੀ:ਦੱਸ ਦਈਏ ਸਾਰੇ ਮੰਤਰੀਆਂ,ਵਿਧਾਇਕਾਂ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਖ਼ਤ ਨਿਰਦੇਸ਼ ਦਿੱਤੇ ਨੇ ਕਿ ਉਹ ਲੋਕਾਂ ਵਿੱਚ ਰਹਿ ਕੇ ਉਨ੍ਹਾਂ ਦਾ ਹਾਲ ਜਾਨਣ ਅਤੇ ਮਦਦ ਕਰਨ। ਇਸ ਲਈ ਨੰਗਲ ਵਿੱਚ ਬਤੌਰ ਐੱਸਡੀਐੱਮ ਤਾਇਨਾਤ ਅਮਨਜੋਤ ਕੌਰ ਵੀ ਖੁੱਦ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚ ਕੇ ਲੋਕਾਂ ਦਾ ਹਾਲ ਜਾਣ ਰਹੇ ਹਨ। ਉਨ੍ਹਾਂ ਕਿਹਾ ਕਿ ਹੜ੍ਹ ਜਿਹੇ ਹਾਲਾਤਾਂ ਵਿੱਚ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ ਅਤੇ ਹਰ ਇੱਕ ਸ਼ਖ਼ਸ ਦੀ ਪੂਰੀ ਮਦਦ ਇਸ ਔਖੀ ਘੜੀ ਵਿੱਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਐੱਨਡੀਆਰਐੱਫ ਸਮੇਤ ਹੋਰ ਬਚਾਅ ਟੀਮਾਂ ਵੀ ਇਲਾਕੇ ਵਿੱਚ ਤਾਇਨਾਤ ਹਨ।
ਪ੍ਰਸਾਸ਼ਨ ਪੂਰੀ ਤਰ੍ਹਾਂ ਚੌਕਸ: ਐੱਸਡੀਐੱਮ ਮੁਤਾਬਿਕ ਇਲਾਕੇ ਤੋਂ ਕੈਬਨਿਟ ਮੰਤਰੀ ਹਰਜੋਤ ਬੈਂਸ ਅਤੇ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਹਰ ਪ੍ਰਭਾਵਿਤ ਖੇਤਰ ਉੱਤੇ ਨਜ਼ਰ ਰੱਖ ਰਹੇ ਹਨ ਅਤੇ ਉਹ ਖੁੱਦ ਵੀ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰ ਰਹੇ ਹਨ। ਰਾਹਤ ਅਤੇ ਬਚਾਅ ਕਾਰਜਾਂ ਦੇ ਨਾਲ-ਨਾਲ ਜਿੱਥੇ ਵੀ ਲੋਕਾਂ ਨੂੰ ਸੁਰੱਖਿਅਤ ਥਾਵਾਂ ਉੱਤੇ ਪਹੁੰਚਾਉਣ ਅਤੇ ਉਨ੍ਹਾਂ ਲਈ ਲੋੜੀਂਦੇ ਢੁੱਕਵੇਂ ਪ੍ਰਬੰਧ ਅਤੇ ਸਹੂਲਤਾਂ ਉਪਲੱਬਧ ਕਰਵਾਉਣ ਦੀ ਜਰੂਰਤ ਹੈ, ਉਹ ਸਾਰੇ ਪ੍ਰਬੰਧ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸੁਚਾਰੂ ਢੰਗ ਨਾਲ ਕੀਤੇ ਗਏ ਹਨ।
ਪੀੜਤਾਂ ਲਈ ਪੂਰੇ ਪ੍ਰਬੰਧ: ਅਮਨਜੋਤ ਕੌਰ ਨੇ ਅੱਗੇ ਕਿਹਾ ਕਿ ਉਹ ਹਰ ਹਾਲਾਤ ਉੱਤੇ ਨਜ਼ਰ ਰੱਖ ਰਹੇ ਹਨ ਅਤੇ ਪ੍ਰਸਾਸ਼ਨ ਪੂਰੀ ਤਰ੍ਹਾਂ ਚੌਕਸ ਹੈ। ਗੁਰਦੁਆਰਾ ਸਾਹਿਬ ਵਿੱਚ ਜਾ ਕੇ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਹੈ ਅਤੇ ਮਰਿਆਦਾ ਸਹਿਤ ਸਾਰੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਲੋਕ ਪ੍ਰਸਾਸ਼ਨ ਨੂੰ ਸਹਿਯੋਗ ਦੇਣ, ਹਾਲਾਤ ਲਗਾਤਾਰ ਸੁਧਰ ਰਹੇ ਹਨ, ਵੱਖ-ਵੱਖ ਵਿਭਾਗਾ ਦੀਆਂ ਟੀਮਾਂ ਰਾਹਤ ਅਤੇ ਬਚਾਅ ਕਾਰਜਾਂ ਦੇ ਨਾਲ-ਨਾਲ ਸਾਰੇ ਪ੍ਰਬੰਧ ਕਰਨ ਅਤੇ ਹਾਲਾਤ ਨਾਲ ਨਜਿੱਠਣ ਲਈ ਕੰਮ ਕਰ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਮਾਲ ਵਿਭਾਗ, ਮਾਈਨਿੰਗ ਅਤੇ ਐਨ.ਡੀ.ਆਰ.ਐਫ ਦੀਆਂ ਟੀਮਾਂ ਨਾਲ ਸਾਝੇ ਤੌਰ ਉੱਤੇ ਦੌਰਾ ਕੀਤਾ ਗਿਆ ਹੈ। ਢੁੱਕਵੇਂ ਪ੍ਰਬੰਧ ਕੀਤੇ ਜਾ ਰਹੇ ਹਨ, ਲੋਕ ਅਫਵਾਹਾਂ ਉੱਤੇ ਭਰੋਸਾ ਨਾਂ ਕਰਨ, ਹਰ ਸੂਚਨਾ ਜ਼ਿਲ੍ਹੇ ਦੀ ਓਫੀਸ਼ੀਅਲ ਵੈੱਬਸਾਈਟ ਅਤੇ ਪ੍ਰਸਾਸ਼ਨ ਵੱਲੋ ਸਥਾਪਿਤ ਕੰਟਰੋਲ ਰੂਮ ਉੱਤੇ ਉਪਲੱਬਧ ਹੈ, ਜੋ 24 ਘੰਟੇ ਕਾਰਜਸ਼ੀਲ ਹਨ।