ਰੋਪੜ: ਰੂਪਨਗਰ ਵਿੱਚ ਲੱਗਿਆ ਖੇਤਰੀ ਸਰਸ ਮੇਲਾ ਨੌਜਵਾਨਾਂ ਨੂੰ ਵਿਰਾਸਤ ਦੀ ਪਹਿਚਾਣ ਕਰਵਾਉਣ ਵਿੱਚ ਮੁੱਖ ਭੂਮਿਕਾ ਨਿਭਾਅ ਰਿਹਾ ਹੈ। ਮੇਲੇ ਵਿੱਚ ਵੱਖ-ਵੱਖ ਸੂਬਿਆਂ ਵੱਲੋਂ ਜਿੱਥੇ ਸੰਸਕ੍ਰਿਤਕ ਪ੍ਰੋਗਰਾਮ ਪੇਸ਼ ਕੀਤੇ ਜਾ ਰਹੇ ਹਨ ਉੱਥੇ ਹੀ ਵੱਖ-ਵੱਖ ਸੂਬਿਆਂ ਨਾਲ ਸਬੰਧਤ ਦਸਤਕਾਰ ਅਤੇ ਕਲਾਕਾਰ ਆਪਣੇ ਸੂਬੇ ਦੀ ਵਿਰਾਸਤ ਨਾਲ ਸਬੰਧਤ ਕਲਾਕ੍ਰਿਤੀਆਂ ਦੀ ਪੇਸ਼ਕਾਰੀ ਕਰ ਰਹੇ ਹਨ।
ਸਰਸ ਮੇਲਾ: ਕੇਰਲਾ ਦਾ ਕੋਕੋਨਟ ਆਇਲ ਅਤੇ ਬਨਾਨਾ ਚਿਪਸ ਖੂਬ ਕੀਤਾ ਜਾ ਰਿਹਾ ਪਸੰਦ
ਪਿਛਲੇ ਕੁੱਝ ਦਿਨਾਂ ਤੋਂ ਰੂਪਨਗਰ ਵਿੱਚ ਸਰਸ ਮੇਲਾ ਚੱਲ ਰਿਹਾ ਹੈ ਜਿੱਥੇ ਵੱਖ-ਵੱਖ ਸੂਬਿਆਂ ਨਾਲ ਸਬੰਧਤ ਦਸਤਕਾਰ ਅਤੇ ਕਲਾਕਾਰ ਆਪਣੇ ਸੂਬੇ ਦੀ ਵਿਰਾਸਤ ਨਾਲ ਸਬੰਧਤ ਕਲਾਕ੍ਰਿਤੀਆਂ ਦੀ ਪੇਸ਼ਕਾਰੀ ਕਰ ਰਹੇ ਹਨ। ਇਸੇ ਦੌਰਾਨ ਲੋਕਾਂ ਨੂੰ ਕੇਰਲਾ ਦਾ ਕੋਕੋਨਟ ਆਇਲ ਅਤੇ ਬਨਾਨਾ ਚਿਪਸ ਖੂਬ ਪਸੰਦ ਆ ਰਿਹਾ ਹੈ।
ਰੂਪਨਗਰ ਦੇ ਵਧੀਕ ਡਿਪਟੀ ਕਮਿਸ਼ਨਰ ਅਮਰਦੀਪ ਸਿੰਘ ਗੁਜਰਾਲ ਨੇ ਦੱਸਿਆ ਕਿ ਮੇਲੇ ਵਿੱਚ ਵੱਖ-ਵੱਖ ਸੂਬਿਆਂ ਦੇ ਵਿਅੰਜਨਾਂ ਦੀ ਗੱਲ ਹੋਵੇ ਜਾਂ ਦਸਤਕਾਰੀ ਦੀ ਹਰ ਇੱਕ ਰਾਜ ਇੱਕ ਵਿਲੱਖਣ ਪਹਿਚਾਣ ਰੱਖਦਾ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੇਲੇ ਨੂੰ ਆਕਰਸ਼ਿਤ ਬਨਾਉਣ ਦੇ ਲਈ ਜਿੱਥੇ ਦਸਤਕਾਰ ਹੱਥਾਂ ਨਾਲ ਬਣਾਏ ਸਮਾਨ ਦੀ ਵਿਕਰੀ ਕਰ ਰਹੇ ਹਨ ਉੱਥੇ ਕੇਰਲਾ ਤੋਂ ਆਈ ਰੰਜਨੀ ਅਤੇ ਸ਼ੀਨਾ ਦੇ ਸਟਾਲ ਨੰਬਰ 44 ਵਿੱਚ ਆਪਣੇ ਸੂਬੇ ਨਾਲ ਸਬੰਧਤ ਕੋਕੋਨਟ ਆਇਲ, ਬਨਾਨਾ ਚਿਪਸ, ਰਾਇਸ ਸਵੀਟਸ, ਇਟਲੀ ਡੋਸਾ ਪਾਊਡਰ, ਸਾਂਬਰ ਪਾਊਡਰ, ਮੀਟ ਐਂਡ ਫਿਸ਼ ਮਸਾਲਾ ਆਦਿ ਵੇਚ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਨੋਰਥ ਇਸਟ ਤੋਂ ਆਏ ਫੁੱਲ ਅਤੇ ਗੁਲਦਸਤੇ ਬਨਾਉਣ ਵਾਲੇ ਆਰਟਿਸ ਕੱਪੜੇ ਦੇ ਫੁੱਲ ਅਤੇ ਗੁਲਦਸਤੇ ਬਣਾ ਕੇ ਵੇਚ ਰਹੇ ਹਨ ਜਿਸ ਨੂੰ ਲੋਕ ਬਹੁਤ ਪਸੰਦ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿੱਚ ਵੱਖ-ਵੱਖ ਸੂਬਿਆਂ ਦੇ ਸ਼ਿਲਪਕਾਰ ਤੇ ਦਸਤਕਾਰ ਸੈਲਫ ਹੈਲਪ ਗਰੁੱਪ ਰਾਹੀਂ ਦੇਸ਼ ਦੇ ਵੱਖ-ਵੱਖ ਸੂਬਿਆਂ ਦੀ ਹੱਥ ਨਾਲ ਬਣੀਆਂ ਵਸਤੂਆਂ ਵੇਚ ਕੇ ਆਪਣਾ ਪਰਿਵਾਰ ਚਲਾ ਰਹੇ ਹਨ ਅਤੇ ਸਾਨੂੰ ਸਾਰਿਆਂ ਨੂੰ ਇਨ੍ਹਾਂ ਦੀ ਹੌਂਸਲਾ ਅਫਜ਼ਾਈ ਕਰਨੀ ਚਾਹੀਦੀ ਹੈ।